ਲਲਿਤਪੁਰ (ਉੱਤਰ ਪ੍ਰਦੇਸ਼), 4 ਮਈ
ਲਲਿਤਪੁਰ ਜ਼ਿਲ੍ਹੇ ਵਿੱਚ ਸਮੂਹਿਕ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਉਣ ਗਈ 13 ਸਾਲਾ ਲੜਕੀ ਨਾਲ ਐੱਸਐੱਚਓ ਵੱਲੋਂ ਕਥਿਤ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਐੱਸਐੱਚਓ ਸਣੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਪੀੜਤਾ ਦੀ ਰਿਸ਼ਤੇਦਾਰ ਅਤੇ ਪਾਲੀ ਥਾਣੇ ਦੇ ਐੱਸਐੱਚਓ ਸਣੇ ਛੇ ਜਣਿਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਪੀੜਤਾ ਦੀ ਮਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਹੈ ਕਿ ਉਸ ਦੀ ਬੇਟੀ 27 ਅਪਰੈਲ ਨੂੰ ਪਾਲੀ ਥਾਣੇ ‘ਚ ਮਾਮਲਾ ਦਰਜ ਕਰਵਾਉਣ ਗਈ ਸੀ। ਇਸ ਦੌਰਾਨ ਉਸ ਦੇ ਬਿਆਨ ਦਰਜ ਕਰਵਾਉਣ ਦੇ ਬਹਾਨੇ ਥਾਣਾ ਮੁਖੀ ਤਿਲਕਧਾਰੀ ਸਰੋਜ ਉਸ ਨੂੰ ਆਪਣੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਮੁਲਜ਼ਮ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੜਕੀ ਦੀ ਮਾਂ ਨੇ ਦੋਸ਼ ਲਾਇਆ ਹੈ ਕਿ 22 ਅਪਰੈਲ ਨੂੰ ਚਾਰ ਜਣੇ ਉਸ ਦੀ ਧੀ ਨੂੰ ਭੁਪਾਲ ਲੈ ਗਏ ਜਿੱਥੇ ਤਿੰਨ ਦਿਨ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪ੍ਰਯਾਗਰਾਜ ਦੇ ਏਡੀਜੀਪੀ ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਥਾਣੇਦਾਰ ਤਿਲਕਧਾਰੀ ਸਰੋਜ ਫਰਾਰ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਅਲਾਹਾਬਾਦ ਹਾਈ ਕੋਰਟ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸੇ ਦੌਰਾਨ ਕੌਮੀ ਮੁਨੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਨਾਬਾਲਗ ਨਾਲ ਥਾਣੇ ’ਚ ਕਥਿਤ ਜਬਰ-ਜਨਾਹ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਸਰਕਾਰ ਅਤੇ ਸੂਬਾ ਪੁਲੀਸ ਮੁਖੀ ਨੂੰ ਨੋਟਿਸ ਜਾਰੀ ਕੀਤੇ ਹਨ। ਸੂਤਰਾਂ ਮੁਤਾਬਕ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਭੇਜ ਕੇ ਮਾਮਲੇ ਬਾਰੇ ਚਾਰ ਹਫ਼ਤਿਆਂ ’ਚ ਰਿਪੋਰਟ ਮੰਗੀ ਗਈ ਹੈ। -ਪੀਟੀਆਈ