ਬਰੇਲੀ (ਉੱਤਰ ਪ੍ਰਦੇਸ਼), 19 ਅਪਰੈਲ
ਸੋਸ਼ਲ ਮੀਡੀਆ ‘ਤੇ 10ਵੀਂ ਜਮਾਤ ਦੇ ਦਲਿਤ ਵਿਦਿਆਰਥੀ ਦੀ ਕੁੱਟਮਾਰ ਅਤੇ ਵਿਰੋਧੀਆਂ ਦੇ ਪੈਰ ਚੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਪੁਲੀਸ ਹਰਕਤ ਵਿੱਚ ਆ ਗਈ ਅਤੇ ਪੀੜਤ ਦਾ ਪਤਾ ਲਗਾਉਣ ਅਤੇ ਕਾਰਵਾਈ ਸ਼ੁਰੂ ਕਰਨ ਲਈ ਪੰਜ ਟੀਮਾਂ ਕਾਇਮ ਕਰ ਦਿੱਤੀਆਂ। ਰਾਏਬਰੇਲੀ ਦੇ ਐੱਸਪੀ ਸ਼ਲੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਦਾ ਮੁੱਖ ਮੁਲਜ਼ਮ ਨਾਬਾਲਗ ਹੈ ਅਤੇ ਉਸ ਨੂੰ ਬਾਲ ਘਰ ਭੇਜਿਆ ਗਿਆ ਹੈ, ਜਦੋਂ ਕਿ ਛੇ ਹੋਰਾਂ ਦੀ ਪਛਾਣ ਅਭਿਸ਼ੇਕ, ਵਿਕਾਸ ਪਾਸੀ, ਮਹਿੰਦਰ ਕੁਮਾਰ, ਰਿਤਿਕ ਸਿੰਘ, ਅਮਨ ਸਿੰਘ ਅਤੇ ਯਸ਼ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ 10ਵੀਂ ਜਮਾਤ ਦੇ ਦਲਿਤ ਲੜਕੇ ਨਾਲ ਤਸ਼ੱਦਦ ਅਤੇ ਅਣਮਨੁੱਖੀ ਸਲੂਕ ਕੀਤਾ ਗਿਆ ਕਿਉਂਕਿ ਉਹ ਉਸੇ ਸਕੂਲ ਦੇ ਪਾਸ ਆਊਟ ਸੀਨੀਅਰਾਂ ਅੱਗੇ ਝੁਕਣ ਲਈ ਤਿਆਰ ਨਹੀਂ ਸੀ।