ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 29 ਅਗਸਤ
ਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ ਅਨਲੌਕ-4 ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ, ਜਿਸ ਵਿੱਚ ਮੈਟਰੋ ਸੇਵਾ ਦੀ ਸ਼ੁਰੂਆਤ ਅਤੇ ਇਕੱਠ ’ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਗਿਆ। ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਾਰਚ ਤੋਂ ਪੂਰੀ ਤਰ੍ਹਾਂ ਠੱਪ ਮੈਟਰੋ ਸੇਵਾ ਨੂੰ ‘ਪੜਾਅਵਾਰ ਤਰੀਕੇ’ ਨਾਲ 7 ਸਤੰਬਰ ਤੋਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਕੱਠ ਕਰਨ ’ਤੇ ਲੱਗੀ ਪਾਬੰਦੀ ਨੂੰ ਹਟਾਉਂਦਿਆਂ 21 ਸਤੰਬਰ ਤੋਂ ਸਮਾਜਿਕ, ਅਕਾਦਮਿਕ, ਸਭਿਆਚਾਰਕ, ਮਨੋਰੰਜਨ, ਰਾਜਨੀਤਕ ਅਤੇ ਖੇਡ ਗਤੀਵਿਧੀਆਂ ਲਈ ਇਕੱਠ ਕਰਨ ਦੀ ਇਜਾਜ਼ਤ ਦੇੇਣ ਦਾ ਫੈਸਲਾ ਕੀਤਾ ਹੈ ਪਰ ਲੋਕਾਂ ਦੀ ਗਿਣਤੀ 100 ਤਕ ਸੀਮਤ ਕੀਤੀ ਹੈ। ਇਨ੍ਹਾਂ ਇਕੱਠਾਂ ਵਿੱਚ ਸਮਾਜਿਕ ਦੂਰੀ, ਮਾਸਕ, ਥਰਮਲ ਸਕੈਨਿੰਗ ਤੇ ਹੱਥ ਧੋਣ ਦੇ ਨੇਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਓਪਨ ਏਅਰ ਥੀਏਟਰ ਵੀ 21 ਸਤੰਬਰ ਤੋਂ ਲੋਕਾਂ ਲਈ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ, ਜਦੋਂ ਕਿ ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ 30 ਸਤੰਬਰ ਤਕ ਬੰਦ ਰਹਿਣਗੀਆਂ। ਅਨਲੌਕ ਚਾਰ ਪਹਿਲੀ ਸਤੰਬਰ ਤੋਂ ਲਾਗੂ ਹੋਵੇਗਾ।