ਨਵੀਂ ਦਿੱਲੀ, 19 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਯੂਨੀਵਰਸਿਟੀਆਂ ਵਿਚਾਰਾਂ ਦੀ ਸਾਂਝ ਵਾਲਾ ਮੰਚ ਹੋਣਾ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਵਿਚਾਰਕਧਾਰਕ ਵਿਵਾਦ ਵਾਲੀਆਂ ਥਾਂ ਨਹੀਂ ਬਣਨਾ ਚਾਹੀਦਾ। ਉਹ ਦਿੱਲੀ ਯੂਨੀਵਰਸਿਟੀ ਵਿੱਚ ‘‘ਸਵਰਾਜ ਤੋਂ ਨਵਭਾਰਤ ਤੱਕ ਭਾਰਤ ਦੇ ਵਿਚਾਰਾਂ ’ਤੇ ਪੁਨਰਵਿਚਾਰ’’ ਵਿਸ਼ੇ ’ਤੇ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਾਹ ਨੇ ਕਿਹਾ ਕਿ ਜੇਕਰ ਕੋਈ ਵਿਸ਼ੇਸ਼ ਵਿਚਾਰਧਾਰਾ ਸੰਘਰਸ਼ ਦਾ ਕਾਰਨ ਹੈ ਤਾਂ ‘‘ਇਹ ਕੋਈ ਵਿਚਾਰਧਾਰਾ ਨਹੀਂ ਹੈ, ਇਹ ਯਕੀਨੀ ਤੌਰ ’ਤੇ ਭਾਰਤ ਦੀ ਵਿਚਾਰਧਾਰਾ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਯੂਨੀਵਰਸਿਟੀਆਂ ਨੂੰ ਵਿਚਾਰਾਂ ਦੇ ਆਦਾਨ-ਪ੍ਰਦਾਨ ਕਰਨ ਦਾ ਮੰਚ ਬਣਨਾ ਚਾਹੀਦਾ ਹੈ, ਵਿਚਾਰਕਧਾਰਕ ਵਿਵਾਦ ਵਾਲੀ ਥਾਂ ਨਹੀਂ। ਵਿਚਾਰਾਂ ਅਤੇ ਚਰਚਾਵਾਂ ਨਾਲ ਇੱਕ ਵਿਚਾਰਧਾਰਾ ਅੱਗੇ ਵਧਦੀ ਹੈ।’’ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਨਾਲੰਦਾ ਤੇ ਤਕਸ਼ਿਲਾ ਨੂੰ ਤਬਾਹ ਕਰਨ ਵਾਲਿਆਂ ਨੂੰ ਕੋਈ ਵੀ ਯਾਦ ਨਹੀਂ ਕਰਦਾ। ਕਿਹਾ ਜਾਂਦਾ ਹੈ ਕਿ ਨਾਲੰਦਾ ਦੀ ਲਾਇਬ੍ਰੇਰੀ ਇੱਕ ਮਹੀਨੇ ਤੱਕ ਸੜਦੀ ਰਹੀ ਸੀ। ਪਰ ਉਨ੍ਹਾਂ ਯੂਨੀਵਰਸਿਟੀਆਂ ਦੇ ਵਿਚਾਰ ਅੱਜ ਵੀ ‘ਜਿਊਂਦੇ’ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੱਖਿਆ ਨੀਤੀ ਬਾਰੇ ਦੱਸਿਆ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਤੋਂ ਪਹਿਲਾਂ ਭਾਰਤ ਕੋਲ ਕੋਈ ਰੱਖਿਆ ਨੀਤੀ ਨਹੀਂ ਸੀ ਅਤੇ ਜੇਕਰ ਸੀ ਤਾਂ ਉਹ ਸਿਰਫ ਵਿਦੇਸ਼ ਨੀਤੀ ਦੇ ‘ਪਰਛਾਵੇਂ’ ਵਰਗੀ ਸੀ। ਕੇਂਦਰੀ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ‘‘ਸ਼ਾਂਤੀ ਦਾ ਪੁਜਾਰੀ ਹੈ’’, ‘‘ਸ਼ਾਂਤੀ ਚਾਹੁੰਦਾ ਹੈ’’ ਅਤੇ ਦੁਨੀਆਂ ਦੇ ਹਰ ਦੇਸ਼ ਨਾਲ ਸੁਖਾਵੇਂ ਸਬੰਧ ਰੱਖਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਇੱਕ ਭੂ-ਸੱਭਿਆਚਾਰਕ ਦੇਸ਼ ਹੈ ਅਤੇ ਜਦੋਂ ਤੱਕ ਲੋਕ ਇਸ ਨੂੰ ਨਹੀਂ ਸਮਝਦੇ, ਉਹ ਭਾਰਤ ਦੇ ਵਿਚਾਰ ਨੂੰ ਨਹੀਂ ਸਮਝ ਸਕਦੇ।’’ -ਪੀਟੀਆਈ