ਨਵੀਂ ਦਿੱਲੀ: ਕੇਂਦਰੀ ਮੰਤਰੀਆਂ ਮੁਖ਼ਤਾਰ ਅੱਬਾਸ ਨਕਵੀ ਤੇ ਆਰ.ਸੀ.ਪੀ ਸਿੰਘ ਨੇ ਰਾਜ ਸਭਾ ਮੈਂਬਰਾਂ ਵਜੋਂ ਆਪਣੇ ਕਾਰਜਕਾਲ ਦੀ ਮਿਆਦ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ। ਇਸ ਤੋਂ ਪਹਿਲਾਂ ਅੱਜ ਦਿਨੇ ਹੋਈ ਕੇੇਂਦਰੀ ਵਜ਼ਾਰਤ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਕਵੀ ਤੇ ਸਿੰਘ ਵੱਲੋਂ ਕੇਂਦਰੀ ਮੰਤਰੀਆਂ ਵਜੋਂ ਦੇਸ਼ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਸਾਬਕਾ ਨੌਕਰਸ਼ਾਹ ਤੇ ਕਿਸੇ ਵੇਲੇ ਬਿਹਾਰ ਦੇ ਮੁੱਖ ਮੰਤਰੀ ਤੇ ਜੇਡੀਯੂ ਸੁਪਰੀਮੋ ਨਿਤੀਸ਼ ਕੁਮਾਰ ਦੇ ਕਰੀਬੀਆਂ ’ਚੋਂ ਇਕ ਆਰ.ਸੀ.ਪੀ.ਸਿੰਘ ਨੇ ਅੱਜ ਆਪਣੇ ਜਨਮ ਦਿਨ ਮੌਕੇ ਅਸਤੀਫ਼ਾ ਦਿੱਤਾ ਹੈ। ਉਧਰ ਨਕਵੀ ਦੇ ਅਸਤੀਫ਼ੇ ਮਗਰੋਂ ਕੇਂਦਰ ਵਿੱਚ ਹੁਣ ਕੋਈ ਵੀ ਮੁਸਲਿਮ ਮੰਤਰੀ ਨਹੀਂ ਰਿਹਾ। ਭਾਜਪਾ ਦੇ 400 ਦੇ ਕਰੀਬ ਸੰਸਦ ਮੈਂਬਰਾਂ ਵਿਚ ਵੀ ਕੋਈ ਮੁਸਲਿਮ ਮੈਂਬਰ ਨਹੀਂ ਹੈ। ਉਂਜ ਨਕਵੀ ਦੇ ਅਸਤੀਫ਼ੇ ਤੇ ਉਨ੍ਹਾਂ ਨੂੰ ਮੁੜ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਨਾ ਕੀਤੇ ਜਾਣ ਮਗਰੋਂ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵਿਚਾਰਿਆ ਜਾ ਸਕਦਾ ਹੈ।