ਪਣਜੀ, 11 ਜਨਵਰੀ
ਕਰਨਾਟਕ ਵਿੱਚ ਵਾਪਰੇ ਇਕ ਸੜਕ ਹਾਦਸੇ ’ਚ ਕੇਂਦਰੀ ਮੰਤਰੀ ਸ੍ਰੀਪਦ ਨਾਇਕ ਦੀ ਪਤਨੀ ਦੀ ਮੌਤ ਹੋ ਗਈ, ਜਦੋਂਕਿ ਸ੍ਰੀ ਨਾਇਕ ਖ਼ੁਦ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਨਾਇਕ ਆਪਣੀ ਪਤਨੀ ਨਾਲ ਕਰਨਾਟਕ ਵਿੱਚ ਸਥਿਤ ਇਕ ਧਾਰਮਿਕ ਸਥਾਨ ਤੋਂ ਗੋਆ ਪਰਤ ਰਹੇ ਸਨ। ਇਸ ਦੌਰਾਨ ਉੱਤਰ ਕੰਨੜ ਜ਼ਿਲ੍ਹੇ ਵਿੱਚ ਅੰਕੋਲਾ ਨੇੜੇ ਸੜਕ ਹਾਦਸਾ ਵਾਪਰ ਗਿਆ। ਸ੍ਰੀ ਨਾਇਕ ਨੂੰ ਇਲਾਜ ਲਈ ਗੋਆ ਦੇ ਮੈਡੀਕਲ ਕਾਲਜ ’ਚ ਲਿਆਂਦਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਸ੍ਰੀਪਦ ਦੀ ਸਿਹਤ ਬਾਰੇ ਪੁੱਛਿਆ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਕੀ ਕੇਂਦਰੀ ਮੰਤਰੀ ਨੂੰ ਬਿਹਤਰ ਇਲਾਜ ਲਈ ਦਿੱਲੀ ਲਿਆਉਣ ਦੀ ਲੋੜ ਹੈ ਕਿ ਨਹੀਂ।-ਪੀਟੀਆਈ