ਮੁੰਬਈ, 24 ਅਗਸਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਥੱਪੜ ਮਾਰਨ ਸਬੰਧੀ ਟਿੱਪਣੀ ’ਤੇ ਵਿਵਾਦ ਤੋਂ ਬਾਅਦ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਣੇ ਦੇ ਦਾਅਵਾ ਕੀਤਾ ਕਿ ਠਾਕਰੇ ਆਜ਼ਾਦੀ ਦਿਹਾੜੇ ਮੌਕੇ ਸੰਬੋਧਨ ਦੌਰਾਨ ਭੁੱਲ ਗਏ ਸਨ ਕਿ ਦੇਸ਼ ਨੂੰ ਆਜ਼ਾਦ ਹੋਇਆ ਕਿੰਨੇ ਵਰ੍ਹੇ ਹੋਏ ਹਨ। ਰਾਣੇ ਬਿਆਨ ਖ਼ਿਲਾਫ਼ ਸ਼ਿਵ ਸੈਨਾ ਨੇ ਵੱਖ ਵੱਖ ਥਾਈ ਭਾਜਪਾ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਣੇ ਨੂੰ ਰਤਨਾਗਿਰੀ ਜ਼ਿਲ੍ਹੇ ’ਚ ਪੁਲੀਸ ਨੇ ਹਿਰਾਸਤ ’ਚ ਲਿਆ ਜਿੱਥੇ ਉਹ ਜਨ ਆਸ਼ੀਰਵਾਦ ਯਾਤਰਾ ਤਹਿਤ ਦੌਰੇ ’ਤੇ ਸਨ। ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ’ਚ ਲੈਣ ਮਗਰੋਂ ਰਾਣੇ ਨੂੰ ਸੰਗਮੇਸ਼ਵਰ ਥਾਣੇ ਲਿਜਾਇਆ ਗਿਆ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਰਾਣੇ ਨੇ ਹਾਈ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਲੈਵਲ ਵਧਣ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਦੀ ਜਾਂਚ ਲਈ ਇੱਕ ਡਾਕਟਰ ਸੱਦਿਆ ਗਿਆ। ਰਾਣੇ ਨੇ ਬੀਤੇ ਦਿਨ ਰਾਏਗੜ੍ਹ ਜ਼ਿਲ੍ਹੇ ’ਚ ‘ਜਨ ਆਸ਼ੀਰਵਾਦ ਯਾਤਰਾ’ ਦੌਰਾਨ ਕਿਹਾ, ‘ਇਹ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਆਜ਼ਾਦੀ ਨੂੰ ਕਿੰਨੇ ਸਾਲ ਹੋ ਗਏ ਹਨ। ਭਾਸ਼ਣ ਦੌਰਾਨ ਉਹ ਪਿੱਛੇ ਮੁੜ ਕੇ ਇਸ ਬਾਰੇ ਪੁੱਛਦੇ ਨਜ਼ਰ ਆਏ ਸਨ। ਜੇਕਰ ਮੈਂ ਉੱਥੇ ਹੁੰਦਾ ਤਾਂ ਉਨ੍ਹਾਂ ਨੂੰ ਇੱਕ ਜ਼ੋਰਦਾਰ ਥੱਪੜ ਮਾਰਦਾ।’ ਰਾਣੇ ਨੇ ਅੱਜ ਆਪਣੇ ਬਿਆਨ ਦੇ ਜਵਾਬ ’ਚ ਕਿਹਾ ਕਿ ਉਨ੍ਹਾਂ ਇਹ ਬਿਆਨ ਦੇ ਕੇ ਕੋਈ ਜੁਰਮ ਨਹੀਂ ਕੀਤਾ ਹੈ। ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ‘ਸੰਭਾਵੀ ਗ੍ਰਿਫ਼ਤਾਰੀ’ ਸਬੰਧੀ ਮੀਡੀਆ ਰਿਪੋਰਟਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਕੋਈ ਆਮ ਆਦਮੀ ਨਹੀਂ ਹਨ। ਉਨ੍ਹਾਂ ਮੀਡੀਆ ਨੂੰ ਆਪਣੇ ਖ਼ਿਲਾਫ਼ ਰਿਪੋਰਟਿੰਗ ਕਰਨ ਤੋਂ ਵਰਜਦਿਆਂ ਕਿਹਾ ਕਿ ਉਹ ਉਨ੍ਹਾਂ ਖ਼ਿਲਾਫ਼ ਕੇਸ ਕਰਨਗੇ।
ਦੂਜੇ ਪਾਸੇ ਰਾਣੇ ਦੀ ਟਿੱਪਣੀ ਤੋਂ ਖਫ਼ਾ ਸ਼ਿਵ ਸੈਨਾ ਵਰਕਰਾਂ ਨੇ ਮੁੰਬਈ ਸਮੇਤ ਕਈ ਥਾਵਾਂ ’ਤੇ ਰਾਣੇ ਖ਼ਿਲਾਫ਼ ‘ਕੋਂਬਡੀ ਚੋਰ’ (ਚਿਕਨ ਚੋਰ) ਲਿਖ ਕੇ ਪੋਸਟਰ ਲਗਾ ਦਿੱਤੇ। ਜ਼ਿਕਰਯੋਗ ਹੈ ਕਿ ਰਾਣੇ ਪੰਜ ਦਹਾਕੇ ਪਹਿਲਾਂ ਮੁੰਬਈ ਦੇ ਚੇੈਂਬੂਰ ’ਚ ਪੋਲਟਰੀ ਦੀ ਦੁਕਾਨ ਚਲਾਉਂਦੇ ਸਨ। ਸ਼ਿਵ ਸੈਨਾ ਕਾਰਕੁਨਾਂ ਤੇ ਇਸ ਦੇ ਯੂਥ ਵਿੰਗ ਨੇ ਮਹਾਰਾਸ਼ਟਰ ਦੇ ਵੱਖ ਵੱਖ ਸ਼ਹਿਰਾਂ ’ਚ ਰਾਣੇ ਖ਼ਿਲਾਫ਼ ਰੋਸ ਮੁਜ਼ਾਹਰੇ ਵੀ ਕੀਤੇ। ਪੁਣੇ ਦੇ ਡੈੱਕਨ ਜਿਮਖਾਨਾ ਇਲਾਕੇ ’ਚ ਸ਼ਿਵ ਸੈਨਾ ਵਰਕਰਾਂ ਰਾਣੇ ਦੇ ਪੋਸਟਰ ’ਤੇ ਜੁੱਤੇ ਮਾਰੇ। ਪੁਣੇ ਦੇ ਜੇਐੱਮ ਰੋਡ ਸਥਿਤ ਇੱਕ ਮਾਲ ’ਤੇ ਪੱਥਰ ਮਾਰਿਆ ਗਿਆ। ਵਰਕਰਾਂ ਨੇ ਅਮਰਾਵਤੀ ’ਚ ਭਾਜਪਾ ਦੇ ਦਫ਼ਤਰ ’ਚ ਭੰਨ ਤੋੜ ਕੀਤੀ ਤੇ ਦਫ਼ਤਰ ਦੇ ਬਾਹਰ ਲੱਗੇ ਪੋਸਟਰ ਵੀ ਸਾੜ ਦਿੱਤੇ। ਰਾਣੇ ਦੀ ਸਾਂਤਾਕਰੂਜ਼ ਸਥਿਤ ਰਿਹਾਇਸ਼ ਬਾਹਰ ਭਾਜਪਾ ਤੇ ਸ਼ਿਵ ਸੈਨਾ ਵਰਕਰਾਂ ਦੀ ਝੜਪ ਵੀ ਹੋਈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰਾਣੇ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰਾਣੇ ਅਜਿਹੇ ਬਿਆਨ ਦੇ ਕੇ ਸਮਾਜ ਨੂੰ ਗਲਤ ਸੁਨੇਹਾ ਦੇ ਰਹੇ ਹਨ। ਬਾਅਦ ਵਿੱਚ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਰਾਣੇ ਨੂੰ ਮੋਦੀ ਵਜ਼ਾਰਤ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਰਾਣੇ ਖ਼ਿਲਾਫ਼ ਪੁਣੇ, ਨਾਸਿਕ ਤੇ ਰਾਏਗੜ੍ਹ ਵਿਚਲੇ ਮਹਾਡ ’ਚ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਨਾਰਾਇਣ ਰਾਣੇ ਨੂੰ ਰਾਏਗੜ੍ਹ ਪੁਲੀਸ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਮਹਾਡ ਲੈ ਗਈ ਜਿੱਥੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਰਾਣੇ ਦੀ ਹਿਰਾਸਤ ਲਈ ਨਾਸਿਕ ਪੁਲੀਸ ਨੇ ਵੀ ਇੱਕ ਟੀਮ ਬਣਾਈ ਹੈ ਪਰ ਰਾਣੇ ਨੂੰ ਬਾਅਦ ਦੁਪਹਿਰ 2.45 ਵਜੇ ਰਾਏਗੜ੍ਹ ਪੂਲੀਸ ਹਵਾਲੇ ਕਰ ਦਿੱਤਾ ਗਿਆ। ਮੁੰਬਈ ਤੋਂ 160 ਕਿਲੋਮੀਟਰ ਦੂਰ ਮਹਾਡ ’ਚ ਵੀ ਰਾਣੇ ਖ਼ਿਲਾਫ਼ ਕੇਸ ਦਰਜ ਹੈ। -ਪੀਟੀਆਈ
ਰਾਣੇ ਨੇ ਆਪਣੇ ਸੰਸਕਾਰਾਂ ਅਨੁਸਾਰ ਕੰਮ ਕੀਤਾ: ਪਵਾਰ
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੇ ਆਪਣੇ ਸੰਸਕਾਰਾਂ ਅਨੁਸਾਰ ਕੰਮ ਕੀਤਾ ਹੈ। ਉਨ੍ਹਾਂ ਕਿਹਾ, ‘ਮੈਂ ਮੁੱਦੇ ਦੀ ਗਹਿਰਾਈ ’ਚ ਨਹੀਂ ਜਾਵਾਂਗਾ। ਉਨ੍ਹਾਂ ਉਸੇ ਤਰ੍ਹਾਂ ਕੰਮ ਕੀਤਾ ਹੈ ਜਿਸ ਤਰ੍ਹਾਂ ਦੇ ਉਨ੍ਹਾਂ ਨੂੰ ਸੰਸਕਾਰ ਮਿਲੇ ਹਨ। ਮੈਂ ਇਸ ਮਸਲੇ ਨੂੰ ਕੋਈ ਮਹੱਤਵ ਨਹੀਂ ਦਿੰਦਾ।’ -ਪੀਟੀਆਈ
ਰਾਣੇ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਗ਼ੈਰਸੰਵਿਧਾਨਕ: ਨੱਢਾ
ਨਵੀਂ ਦਿੱਲੀ/ਮੁੰਬਈ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਦੀ ਗ੍ਰਿਫ਼ਤਾਰੀ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕਰਾਰ ਦਿੱਤਾ ਤੇ ਕਿਹਾ ਕਿ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਜਨ ਆਸ਼ੀਰਵਾਦ ਯਾਤਰਾ ਤੋਂ ਮਹਾਰਾਸ਼ਟਰ ਸਰਕਾਰ ਪ੍ਰੇਸ਼ਾਨ ਹੈ। ਨੱਢਾ ਨੇ ਟਵੀਟ ਕੀਤਾ, ‘ਮਹਾਰਾਸ਼ਟਰ ਸਰਕਾਰ ਵੱਲੋਂ ਕੇਂਦਰੀ ਮੰਤਰੀ ਨਾਰਾਇਣ ਦੀ ਗ੍ਰਿਫ਼ਤਾਰੀ ਸੰਵਿਧਾਨਕ ਮੁੱਲਾਂ ਦਾ ਘਾਣ ਹੈ। ਅਜਿਹੀਆਂ ਕਾਰਵਾਈਆਂ ਤੋਂ ਨਾ ਤਾਂ ਅਸੀਂ ਡਰਾਂਗੇ, ਨਾ ਦਬਾਅ ’ਚ ਆਵਾਂਗੇ।’ ਉਨ੍ਹਾਂ ਕਿਹਾ, ‘ਭਾਜਪਾ ਨੂੰ ਜਨ ਆਸ਼ੀਰਵਾਦ ਯਾਤਰਾ ਤੋਂ ਮਿਲ ਰਹੀ ਭਰਵੀਂ ਹਮਾਇਤ ਤੋਂ ਇਹ ਲੋਕ ਪ੍ਰੇਸ਼ਾਨ ਹਨ। ਅਸੀਂ ਜਮਹੂਰੀ ਢੰਗ ਨਾਲ ਲੜਦੇ ਰਹਾਂਗੇ, ਯਾਤਰਾ ਜਾਰੀ ਰਹੇਗੀ।’ ਇਸੇ ਦੌਰਾਨ ਭਾਜਪਾ ਬੁਲਾਰੇ ਨੇ ਰਾਣੇ ਦੀ ਗ੍ਰਿਫ਼ਤਾਰੀ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਤੇ ਦੋਸ਼ ਲਾਇਆ ਕਿ ਰਾਜ ਸਰਕਾਰ ਬਦਲੇ ਦੀ ਭਾਵਨਾ ਤਹਿਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਹਾਰਾਸ਼ਟਰ ਸਰਕਾਰ ’ਚ 27 ਅਜਿਹੇ ਮੰਤਰੀ ਹਨ ਜਿਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਸਮੇਤ ਕਈ ਹੋਰ ਕੇਸ ਦਰਜ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦਕਿ ਇੱਕ ਬਿਆਨ ਦੇਣ ਲਈ ਇੱਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਉੱਧਰ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਨਾਰਾਇਣ ਰਾਣੇ ਦੇ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਪਰ ਨਾਲ ਹੀ ਕਿਹਾ ਕਿ ਉਹ ਮੰਤਰੀ ਦੇ ਬਿਆਨ ’ਤੇ ਅਫਸੋਸ ਪ੍ਰਗਟ ਨਹੀਂ ਕਰਨਗੇ ਜਦਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਭਾਜਪਾ ਉਨ੍ਹਾਂ ਦੇ ਬਿਆਨ ਦੀ ਹਮਾਇਤ ਨਹੀਂ ਕਰਦੀ ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਾਰਟੀ ਸੌ ਫੀਸਦ ਉਨ੍ਹਾਂ ਨਾਲ ਖੜ੍ਹੀ ਹੈ। ਇਸੇ ਦੌਰਾਨ ਮਹਾਰਾਸ਼ਟਰ ’ਚ ਭਾਜਪਾ ਵਿਧਾਇਕ ਪ੍ਰਸਾਦ ਲਾਡ ਨੇ ਪੁਲੀਸ ’ਤੇ ਕੇਂਦਰੀ ਮੰਤਰੀ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਲੀਸ ਦੀ ਹਿਰਾਸਤ ’ਚ ਨਾਰਾਇਣ ਰਾਣੇ ਦੀ ਜਾਨ ਨੂੰ ਖਤਰਾ ਹੈ। -ਪੀਟੀਆਈ
ਰਾਣੇ ਨੂੰ ਬਿਜਲੀ ਦੇ ਝਟਕਿਆਂ ਦੀ ਲੋੜ: ਸ਼ਿਵ ਸੈਨਾ
ਮੁੰਬਈ: ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਸ਼ਿਵ ਸੈਨਾ ਆਗੂ ਗੁਲਾਬਰਾਓ ਪਾਟਿਲ ਨੇ ਕਿਹਾ ਕਿ ਰਾਣੇ ਆਪਣਾ ਮਾਨਸਿਕ ‘ਤਵਾਜ਼ਨ’ ਗੁਆ ਚੁੱਕੇ ਹਨ ਤੇ ਉਨ੍ਹਾਂ ਨੂੰ ਬਿਜਲੀ ਦੇ ਝਟਕਿਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘ਉਨ੍ਹਾਂ (ਰਾਣੇ) ਨੂੰ ਥਾਣੇ ਲਿਆਉਣਾ ਚਾਹੀਦਾ ਹੈ ਤੇ ਦਿਮਾਗੀ ਇਲਾਜ ਲਈ ਬਿਜਲੀ ਦੇ ਝਟਕੇ ਦੇਣੇ ਚਾਹੀਦੇ ਹਨ।’ ਉਹ ਥਾਣੇ ਵਿਚਲੇ ਸਰਕਾਰੀ ਮੈਂਟਲ ਹਸਪਤਾਲ ਦੇ ਸੰਦਰਭ ’ਚ ਇਹ ਗੱਲ ਕਹਿ ਰਹੇ ਸਨ। ਉਨ੍ਹਾਂ ਕਿਹਾ, ‘ਰਾਣੇ ਖ਼ਿਲਾਫ਼ ਕੀਤੀ ਗਈ ਕਾਰਵਾਈ ਪੂਰੀ ਤਰ੍ਹਾਂ ਢੁੱਕਵੀਂ ਹੈ ਤੇ ਇਸ ਨਾਲ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕਾਂ ਲਈ ਗ਼ੈਰਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਨੂੰ ਸਖਤ ਸੁਨੇਹਾ ਜਾਵੇਗਾ।’ ਪਾਟਿਲ ਨੇ ਦਾਅਵਾ ਕੀਤਾ ਕਿ ਰਾਣੇ ਦਾ ਭਾਜਪਾ ’ਚ ਦਾਖਲਾ ਦੇਵੇਂਦਰ ਫੜਨਵੀਸ, ਪ੍ਰਵੀਨ ਦਾਰੇਕਰ ਤੇ ਚੰਦਰਕਾਂਤ ਪਾਟਿਲ ਵਰਗੇ ਪਾਰਟੀ ਵਿਚਲੇ ਆਗੂਆਂ ਲਈ ਵੱਡਾ ਖਤਰਾ ਹੈ। -ਪੀਟੀਆਈ
ਕੇਂਦਰੀ ਮੰਤਰੀ ਰਾਣੇ ਨੂੰ ਜ਼ਮਾਨਤ ਮਿਲੀ
ਮੁੰਬਈ: ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਅੱਜ ਰਾਤ ਰਾਇਗੜ੍ਹ ਜ਼ਿਲ੍ਹੇ ਦੀ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਾਣੇ ਨੂੰ ਜ਼ਮਾਨਤ ਦੇ ਦਿੱਤੀ। ਰਾਣੇ ਦੇ ਵਕੀਲ ਨੇ ਕਿਹਾ ਸੀ ਕਿ ਪੁਲੀਸ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਤੇ ਉਨ੍ਹਾਂ ਦੀ ਸਿਹਤ ਠੀਕ ਨਹੀ ਹੈ। -ਪੀਟੀਆਈ
ਬੰਬੇ ਹਾਈ ਕੋਰਟ ਵੱਲੋਂ ਰਾਣੇ ਦੀ ਅਰਜ਼ੀ ਖਾਰਜ
ਮੁੰਬਈ: ਆਪਣੇ ਖ਼ਿਲਾਫ਼ ਦਰਜ ਕੇਸਾਂ ਨੂੰ ਚੁਣੌਤੀ ਦੇਣ ਪਹੁੰਚੇ ਰਾਣੇ ਦੀ ਅਰਜ਼ੀ ਬੰਬੇ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਰਾਣੇ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ਤੋਂ ਗ੍ਰਿਫ਼ਤਾਰੀ ਤੋਂ ਰਾਹਤ ਮੰਗੀ ਸੀ ਤੇ ਪਟੀਸ਼ਨ ’ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ। ਜਸਟਿਸ ਐੱਸਐੱਸ ਸ਼ਿੰਦੇ ਤੇ ਐੱਨਜੇ ਜਾਮਦਾਰ ਨੇ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਿੱਧੀ ਪਟੀਸ਼ਨ ਦਾਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਬੈਂਚ ਨੇ ਕਿਹਾ ਕਿ ਵਕੀਲ ਨੂੰ ਸਹੀ ਪ੍ਰਕਿਰਿਆ ਅਨੁਸਾਰ ਪਟੀਸ਼ਨ ਦਾਇਰ ਕਰਨੀ ਪਵੇਗੀ। ਬੈਂਚ ਨੇ ਕਿਹਾ, ‘ਰਜਿਸਟਰੀ ਵਿਭਾਗ ਕੋਲ ਤੁਰੰਤ ਸੁਣਵਾਈ ਲਈ ਇੱਕ ਅਰਜ਼ੀ ਦਾਇਰ ਕਰੋ ਅਤੇ ਫਿਰ ਅਸੀਂ ਵਿਚਾਰ ਕਰਾਂਗੇ।’ -ਪੀਟੀਆਈ