ਨਵੀਂ ਦਿੱਲੀ, 3 ਅਕਤੂਬਰ
ਕਾਂਗਰਸ ਨੇ ਆਰਐੱਸਐੱਸ ਆਗੂ ਦੱਤਾਤ੍ਰੇਯ ਹੋਸਬਲੇ ਵੱਲੋਂ ਗ਼ੈਰਬਰਾਬਰੀ, ਬੇਰੁਜ਼ਗਾਰੀ ਅਤੇ ਗਰੀਬੀ ਬਾਰੇ ਜਤਾਈ ਗਈ ਚਿੰਤਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤਾ ਜੋੜੋ ਯਾਤਰਾ ਦੇ ਅਸਰ ਕਾਰਨ ਇਹ ਮੁੱਦੇ ਉਠਾਏ ਗਏ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਕਿਹਾ,‘‘ਭਾਰਤ ਜੋੜੋ ਯਾਤਰਾ ਦਾ ਅਸਰ ਦੇਖੋ। ਜਿਹੜੇ ਮੁਲਕ ਨੂੰ ਤੋੜਨ ਅਤੇ ਸਮਾਜ ’ਚ ਜ਼ਹਿਰ ਫੈਲਾਉਣ ਦਾ ਕੰਮ ਕਰਦੇ ਹਨ, ਉਹ ਵੀ ਗਰੀਬੀ, ਬੇਰੁਜ਼ਗਾਰੀ ਅਤੇ ਗ਼ੈਰਬਰਾਬਰੀ ਦੇ ਮੁੱਦੇ ਉਠਾ ਰਹੇ ਹਨ।’’ ਉਨ੍ਹਾਂ ਸੰਘ ਦੇ ਜਨਰਲ ਸਕੱਤਰ ਹੋਸਬਲੇ ਵੱਲੋਂ ਇਕ ਸੈਮੀਨਾਰ ਨੂੰ ਸੰਬੋਧਨ ਕਰਨ ਸਮੇਂ ਦਿੱਤੇ ਗਏ ਬਿਆਨ ’ਤੇ ਇਹ ਪ੍ਰਤੀਕਰਮ ਦਿੱਤਾ ਹੈ। ਉਂਜ ਹੋਸਬਲੇ ਨੇ ਪਿਛਲੀਆਂ ਸਰਕਾਰਾਂ ਦੀਆਂ ਗਲਤ ਆਰਥਿਕ ਨੀਤੀਆਂ ’ਤੇ ਦੋਸ਼ ਮੜ੍ਹਿਆ ਸੀ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਵੀ ਕਿਹਾ ਕਿ ਯਾਤਰਾ ਦਾ ਅਸਰ ਸੰਘ ਮੁਖੀ ਮੋਹਨ ਭਾਗਵਤ ਅਤੇ ਹੋਸਬਲੇ ’ਤੇ ਸਾਫ਼ ਦਿਖਾਈ ਦੇ ਰਿਹਾ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ,‘‘ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਦਾ ਕੀ ਅਸਰ ਪੈ ਰਿਹਾ ਹੈ। ਰਾਮਦੇਵ ਨੇ ਨਹਿਰੂ-ਗਾਂਧੀ ਪਰਿਵਾਰ ਦੀ ਸ਼ਲਾਘਾ ਸ਼ੁਰੂ ਕਰ ਦਿੱਤੀ ਹੈ ਜਦਕਿ ਮੋਹਨ ਭਾਗਵਤ ਨੇ ਮਸਜਿਦ ਅਤੇ ਮਦਰੱਸਿਆਂ ’ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਸੰਘ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਲੇ ਜੀ ਨੇ ਦੇਸ਼ ’ਚ ਵਧ ਰਹੀ ਗਰੀਬੀ, ਅਮੀਰ ਤੇ ਗਰੀਬ ਵਿਚਕਾਰ ਪਾੜੇ ਅਤੇ ਬੇਰੁਜ਼ਗਾਰੀ ਦੀ ਚਿੰਤਾ ਸ਼ੁਰੂ ਕਰ ਦਿੱਤੀ ਹੈ।’’ ਸੀਨੀਅਰ ਕਾਂਗਰਸ ਆਗੂ ਨੇ ਇਸ ਗੱਲ ’ਤੇ ਵੀ ਹੈਰਾਨੀ ਜਤਾਈ ਕਿ ਹੋਸਬਲੇ ਨੇ ਇਹ ਮੁੱਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਉਂ ਨਹੀਂ ਉਠਾਏ ਹਨ। ‘ਦੱਤਾਤ੍ਰੇਯ ਜੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੋਦੀ ਜੀ ਦੀਆਂ ਨੀਤੀਆਂ ਕਾਰਨ ਦੇਸ਼ ਦੇ 100 ਵੱਡੇ ਪਰਿਵਾਰਾਂ ਦੀ ਆਮਦਨ ਵਧ ਰਹੀ ਹੈ ਅਤੇ ਗਰੀਬਾਂ ਤੇ ਮੱਧ ਵਰਗ ਪਰਿਵਾਰਾਂ ਦੀ ਕਮਾਈ ਘੱਟ ਰਹੀ ਹੈ।’ ਇਕ ਹੋਰ ਕਾਂਗਰਸ ਆਗੂ ਪਵਨ ਖੇੜਾ ਨੇ ਵੀ ਹੋਸਬਲੇ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਨਾਗਪੁਰ ’ਚ ਵੀ ਚਿੰਤਾ ਦੇ ਬੱਦਲ ਦਿਖਣੇ ਸ਼ੁਰੂ ਹੋ ਗਏ ਹਨ ਅਤੇ ਹੋਸਬਲੇ ਜੀ ਨੂੰ ਵੀ ਬੇਰੁਜ਼ਗਾਰੀ ਦਿਖਾਈ ਦੇਣ ਲੱਗ ਪਈ ਹੈ। -ਪੀਟੀਆਈ
ਭਾਜਪਾ ਦੇ ‘ਅੱਛੇ ਦਿਨਾਂ’ ਦੇ ਦਾਅਵੇ ’ਤੇ ਸੰਘ ਆਗੂ ਨੇ ਵੱਡੇ ਸਵਾਲ ਖੜ੍ਹੇ ਕੀਤੇ: ਕੁਮਾਰਸਵਾਮੀ
ਬੰਗਲੂਰੂ: ਆਰਐੱਸਐੱਸ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਲੇ ਦੇ ਬਿਆਨ ਦਾ ਹਵਾਲਾ ਦਿੰਦਿਆਂ ਜਨਤਾ ਦਲ (ਐੱਸ) ਆਗੂ ਐੱਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਹੁਕਮਰਾਨ ਭਾਜਪਾ ਦੇ ‘ਅੱਛੇ ਦਿਨ’ ਆਉਣ ਦੇ ਦਾਅਵਿਆਂ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਸਾਬਕਾ ਮੁੱਖ ਮੰਤਰੀ ਨੇ ਲੜੀਵਾਰ ਟਵੀਟ ਕਰਕੇ ਕਿਹਾ ਕਿ ਸੰਘ ਆਗੂ ਦਾ ਬਿਆਨ ਦੇਸ਼ ਦੇ ਮੌਜੂਦਾ ਹਾਲਾਤ ਦਾ ਆਈਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ’ਚ ਕਿਸ ਦੀ ਤਰੱਕੀ ਹੋਈ ਅਤੇ ਕਿਸ ਨੂੰ ਨੁਕਸਾਨ ਪਹੁੰਚਿਆ ਹੈ, ਇਸ ਦਾ ਹੋਸਬਲੇ ਨੇ ਖੁਦ ਜ਼ਿਕਰ ਕਰ ਦਿੱਤਾ ਹੈ। ਹੋਸਬਲੇ ਮੁਤਾਬਕ 20 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਜਦਕਿ ਚਾਰ ਕਰੋੜ ਨੌਜਵਾਨ ਬੇਰੁਜ਼ਗਾਰ ਹਨ।