ਨਵੀਂ ਦਿੱਲੀ, 4 ਜਨਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਠੰਢ ਤੇ ਮੀਂਹ ਵਿਚਾਲੇ ਸੜਕਾਂ ’ਤੇ ਬੈਠੇ ਕਿਸਾਨਾਂ ਨਾਲ ਜ਼ਾਲਮਾਨਾ ਵਿਹਾਰ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਠੰਢ ਤੇ ਭਾਰੀ ਮੀਂਹ ’ਚ ਟੈਂਟਾਂ ਦੀਆਂ ਛੱਤਾਂ ਤੋਂ ਰਿਸਦੇ ਪਾਣੀ ਹੇਠਾਂ ਬੈਠੇ ਕਿਸਾਨ ਆਪਣੇ ਹੀ ਹਨ, ਗ਼ੈਰ ਨਹੀਂ। ਸਰਕਾਰ ਦੇ ਜ਼ੁਲਮਾਂ ਦੇ ਦ੍ਰਿਸ਼ਾਂ ’ਚ ਹੁਣ ਕੁਝ ਹੋਰ ਦੇਖਣਾ ਬਾਕੀ ਨਹੀਂ ਹੈ।’ ਪ੍ਰਿਯੰਕਾ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਸਰਕਾਰ ਇੱਕ ਪਾਸੇ ਤਾਂ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਉਂਦੀ ਹੈ ਤੇ ਦੂਜੇ ਪਾਸੇ ਕੜਾਕੇ ਦੀ ਠੰਢ ’ਚ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ ਰਹੀ ਹੈ। ਇਸ ਅੜੀਅਲ ਤੇ ਜ਼ਾਲਮਾਨਾ ਰਵੱਈਏ ਕਾਰਨ ਹੁਣ ਤੱਕ 60 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ।