ਗਾਂਧੀਨਗਰ, 8 ਜੁਲਾਈ
ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਕਿਹਾ ਕਿ ਦੇਸ਼ ਵਿਚ ਸੰਵਿਧਾਨਕ ਕਦਰਾਂ-ਕੀਮਤਾਂ ਤੇ ਲੋਕਤੰਤਰਿਕ ਸੰਸਥਾਵਾਂ ਖ਼ਤਰੇ ਵਿਚ ਹਨ, ਤੇ ‘ਰਬੜ ਦੀ ਮੋਹਰ’ ਰਾਸ਼ਟਰਪਤੀ ਕਦੇ ਵੀ ਸੰਵਿਧਾਨ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਸਿਨਹਾ 18 ਜੁਲਾਈ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਗੁਜਰਾਤ ਵਿਚ ਕਾਂਗਰਸੀ ਵਿਧਾਇਕਾਂ ਦਾ ਸਮਰਥਨ ਮੰਗਣ ਆਏ ਸਨ। ਸਿਨਹਾ ਨੇ ਕਿਹਾ ਕਿ ਉਨ੍ਹਾਂ ਤੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਵਿਚਾਲੇ ਮੁਕਾਬਲਾ ਸਿਰਫ਼ ਇਸ ਬਾਰੇ ਨਹੀਂ ਹੈ ਕਿ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ, ‘ਇਹ ਜੰਗ ਹੁਣ ਬਹੁਤ ਵੱਡੀ ਹੋ ਚੁੱਕੀ ਹੈ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਰਾਸ਼ਟਰਪਤੀ ਬਣਨ ਵਾਲਾ ਵਿਅਕਤੀ ਆਪਣੇ ਅਧਿਕਾਰਾਂ ਦਾ ਇਸਤੇਮਾਲ ਸੰਵਿਧਾਨ ਨੂੰ ਬਚਾਉਣ ਲਈ ਕਰੇਗਾ ਕਿ ਨਹੀਂ। ਤੇ ਇਹ ਤਾਂ ਕੁਦਰਤੀ ਹੈ ਕਿ ਰਬੜ ਸਟੈਂਪ ਰਾਸ਼ਟਰਪਤੀ ਕਦੇ ਵੀ ਅਜਿਹਾ ਕਰਨ ਦਾ ਯਤਨ ਨਹੀਂ ਕਰੇਗਾ।’ ਸਾਬਕਾ ਭਾਜਪਾ ਆਗੂ ਨੇ ਕਿਹਾ ਕਿ ਅਜੋਕੇ ਦੌਰ ’ਚ ਮੀਡੀਆ ਸਣੇ ਸੰਵਿਧਾਨਕ ਕਦਰਾਂ-ਕੀਮਤਾਂ ਤੇ ਲੋਕਤੰਤਰਿਕ ਸੰਸਥਾਵਾਂ ਖ਼ਤਰੇ ਵਿਚ ਹਨ। ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਐਲ.ਕੇ. ਅਡਵਾਨੀ ਤੇ ਅਟਲ ਬਿਹਾਰੀ ਵਾਜਪਾਈ ਨੇ ਇਕ ਵਾਰ ਐਮਰਜੈਂਸੀ ਖ਼ਿਲਾਫ਼ ਸੰਘਰਸ਼ (1975-77) ਕੀਤਾ ਸੀ ਤੇ ਉਸ ਲਈ ਜੇਲ੍ਹ ਵੀ ਗਏ। ਅੱਜ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਦੇਸ਼ ’ਚ ਐਮਰਜੈਂਸੀ ਲਾ ਦਿੱਤੀ ਹੈ।’ ਉਨ੍ਹਾਂ ਨੂਪੁਰ ਸ਼ਰਮਾ ਮਾਮਲੇ ਨਾਲ ਜੁੜੀਆਂ ਘਟਨਾਵਾਂ ’ਤੇ ਪ੍ਰਧਾਨ ਮੰਤਰੀ ਦੀ ਚੁੱਪ ’ਤੇ ਵੀ ਸਵਾਲ ਉਠਾਏ। -ਪੀਟੀਆਈ
ਸਮਰਥਨ ਜੁਟਾਉਣ ਲਈ ਅੱਜ ਬੰਗਾਲ ਆਏਗੀ ਮੁਰਮੂ
ਰਾਸ਼ਟਰਪਤੀ ਦੇ ਅਹੁਦੇ ਲਈ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਭਲਕੇ ਕੋਲਕਾਤਾ ਆਉਣਗੇ ਤੇ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਉਹ 18 ਨੂੰ ਹੋਣ ਵਾਲੀ ਚੋਣ ਲਈ ਉਨ੍ਹਾਂ ਕੋਲੋਂ ਸਮਰਥਨ ਮੰਗਣਗੇ। ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਦਰੋਪਦੀ ਭਲਕੇ ਸਵੇਰੇ ਕੋਲਕਾਤਾ ਪਹੁੰਚਣਗੇ। ਹਾਲਾਂਕਿ ਉਨ੍ਹਾਂ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮਿਲਣ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ। -ਪੀਟੀਆਈ