ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਭਲਕ ਤੋਂ ਭਾਰਤ ਦੇ ਤਿੰਨ ਦਿਨਾਂ ਦੇ ਦੌਰੇ ਉਤੇ ਆਉਣਗੇ। ਇਸ ਦੌਰਾਨ ਉਹ ਤਾਜ ਮਹਿਲ ਪੈਲੇਸ ਹੋਟਲ (ਮੁੰਬਈ) ਵਿਚ 26/11 ਅਤਿਵਾਦੀ ਹਮਲਿਆਂ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਗੁਟੇਰੇਜ਼ ਪ੍ਰਧਾਨ ਮੰਤਰੀ ਮੋਦੀ ਨਾਲ ਗੁਜਰਾਤ ਦੇ ਕੇਵੜੀਆ ਵਿਚ 20 ਅਕਤੂਬਰ ਨੂੰ ਇਕ ਸਮਾਗਮ ਵਿਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਭਾਰਤ ਵਿਚ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਅਤਿਵਾਦ-ਵਿਰੋਧੀ ਕਮੇਟੀ ਦੀ ਬੈਠਕ ਵੀ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਗੁਟੇਰੇਜ਼ ਦਾ ਇਹ ਦੌਰਾ ਮਹੱਤਵਪੂਰਨ ਹੈ। ਸੰਯੁਕਤ ਰਾਸ਼ਟਰ ਮੁਖੀ ਆਈਆਈਟੀ-ਮੁੰਬਈ ਵਿਚ ਇਕ ਭਾਸ਼ਣ ਵੀ ਦੇਣਗੇ। ਉਹ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਮਿਲਣਗੇ। -ਪੀਟੀਆਈ