ਸ੍ਰੀਨਗਰ, 26 ਅਗਸਤ
ਪੁਲੀਸ ਨੇ ਹੁਰੀਅਤ ਕਾਨਫਰੰਸ ਦੇ ਆਗੂ ਮੀਰਵਾਇਜ਼ ਉਮਰ ਫਾਰੂਕ ਨੂੰ ਅੱਜ ਜੁੰਮੇ ਦੀ ਨਮਾਜ਼ ਲਈ ਇਥੋਂ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਪਹੁੰਚਣ ਨਹੀਂ ਦਿੱਤਾ। ਕਾਰ ਵਿੱਚ ਸਵਾਰ ਉਮਰ ਫਾਰੂਕ ਮਸਜਿਦ ਜਾਣ ਲਈ ਜਿਵੇਂ ਹੀ ਘਰ ਦੇ ਗੇਟ ਵਿੱਚੋਂ ਬਾਹਰ ਨਿਕਲਣ ਲੱਗੇ ਤਾਂ ਪੁਲੀਸ ਨੇ ਕਾਰ ਨੂੰ ਰੋਕ ਲਿਆ ਤੇ ਫਾਰੂਕ ਨੂੰ ਘਰ ਵਾਪਸ ਜਾਣ ਦੀ ਹਦਾਇਤ ਕੀਤੀ। ਇਸ ਮਗਰੋਂ ਰੋਹ ਵਿੱਚ ਆਏ ਉਮਰ ਫਾਰੂਕ ਨੇ ਕਿਹਾ ਕਿ ਉਹ ਮਸਜਿਦ ਵਿੱਚ ਧਾਰਮਿਕ ਫਰਜ਼ ਅਦਾ ਕਰਨ ਲਈ ਜਾ ਰਿਹਾ ਹੈ ਤੇ ਉਸ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਸਬੰਧੀ ਸਰਵੇਖਣ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਮਗਰੋਂ ਉਮਰ ਫਾਰੂਕ ਕਾਰ ਵਿੱਚੋਂ ਨਿਕਲੇ ਅਤੇ ਪੈਦਲ ਹੀ ਮਸਜਿਦ ਵੱਲ ਜਾਣ ਲੱਗੇ ਤੇ ਪੁਲੀਸ ਨੇ ਉਨ੍ਹਾਂ ਨੂੰ ਮੁੜ ਰੋਕ ਲਿਆ। ਇਸ ’ਤੇ ਉਮਰ ਫਾਰੂਕ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਕਸ਼ਮੀਰ ਵਿੱਚ ਕਿਸੇ ਨੂੰ ਵੀ ਘਰ ਵਿੱਚ ਨਜ਼ਰਬੰਦ ਨਹੀਂ ਕੀਤਾ ਗਿਆ ਤੇ ਲੈਫਟੀਨੈਂਟ-ਗਵਰਨਰ ਮਨੋਜ ਸਿਨਹਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਫਾਰੂਕ ਅਨੁਸਾਰ ਉਹ ਲੋਕਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਨ੍ਹਾਂ ਨੇ ਪੁਲੀਸ ਨੂੰ ਸਵਾਲ ਕੀਤਾ ਕਿ ਮੈਨੂੰ ਕਿਉਂ ਰੋਕਿਆ ਜਾ ਰਿਹਾ ਹੈ। -ਪੀਟੀਆਈ