ਨਵੀਂ ਦਿੱਲੀ, 1 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੋਦੀ ਨੇ ਯੂਕਰੇਨ ਸੰਕਟ ਨੂੰ ਗੱਲਬਾਤ ਤੇ ਕੂਟਨੀਤੀ ਜ਼ਰੀਏ ਸੁਲਝਾਉਣ ਦੇ ਭਾਰਤ ਦੇ ਪੁਰਾਣੇ ਰੁਖ਼ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਇਕ ਬਿਆਨ ਵਿਚ ਕਿਹਾ ਕਿ ਟੈਲੀਫੋਨ ਉਤੇ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਕੌਮਾਂਤਰੀ ਊਰਜਾ ਤੇ ਖਾਧ ਬਾਜ਼ਾਰਾਂ ਦੀ ਸਥਿਤੀ ਸਣੇ ਆਲਮੀ ਪੱਧਰ ਦੇ ਕਈ ਮੁੱਦਿਆਂ ਉਤੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਦਸੰਬਰ 2021 ਵਿਚ ਰਾਸ਼ਟਰਪਤੀ ਪੂਤਿਨ ਦੀ ਭਾਰਤ ਯਾਤਰਾ ਦੌਰਾਨ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਸਮੀਖਿਆ ਵੀ ਕੀਤੀ। ਬਿਆਨ ਮੁਤਾਬਕ ਉਨ੍ਹਾਂ ਵਿਸ਼ੇਸ਼ ਤੌਰ ’ਤੇ ਖੇਤੀ ਵਸਤਾਂ, ਖਾਦਾਂ ਤੇ ਫਾਰਮਾ ਉਤਪਾਦਾਂ ’ਚ ਦੁਵੱਲੇ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ। ਪੀਐਮਓ ਨੇ ਕਿਹਾ, ‘ਯੂਕਰੇਨ ਵਿਚ ਮੌਜੂਦਾ ਸਥਿਤੀ ਦੇ ਸੰਦਰਭ ’ਚ ਪ੍ਰਧਾਨ ਮੰਤਰੀ ਨੇ ਵਾਰਤਾ ਤੇ ਕੂਟਨੀਤੀ ਦੇ ਸਮਰਥਨ ਵਿਚ ਭਾਰਤ ਦੇ ਪੁਰਾਣੇ ਰੁਖ਼ ਨੂੰ ਦੁਹਰਾਇਆ।’ ਇਸ ਵਿਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਆਲਮੀ ਤੇ ਦੁਵੱਲੇ ਮੁੱਦਿਆਂ ਉਤੇ ਨਿਯਮਤ ਵਿਚਾਰ-ਚਰਚਾ ਜਾਰੀ ਰੱਖਣ ਉਤੇ ਸਹਿਮਤੀ ਜ਼ਾਹਿਰ ਕੀਤੀ। ਰੂਸੀ ਖ਼ਬਰ ਏਜੰਸੀ ‘ਤਾਸ’ ਨੇ ਰਾਸ਼ਟਰਪਤੀ ਦੇ ਦਫ਼ਤਰ ਦੀ ਪ੍ਰੈੱਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋਵਾਂ ਆਗੂਆਂ ਨੇ ਆਪਸੀ ਰੂਪ ’ਚ ਫਾਇਦੇਮੰਦ ਆਰਥਿਕ ਸਹਿਯੋਗ ਨੂੰ ਹੋਰ ਵਿਕਸਤ ਕਰਨ ਦੇ ਕਦਮਾਂ ਉਤੇ ਧਿਆਨ ਕੇਂਦਰਤ ਕਰਦਿਆਂ ਰੂਸ-ਭਾਰਤ ਸਬੰਧਾਂ ਨਾਲ ਜੁੜੇ ਮੁੱਦਿਆਂ ਉਤੇ ਚਰਚਾ ਕੀਤੀ। ਇਕ ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਨੇਤਾਵਾਂ ਨੇ ਰੂਸ ਤੇ ਭਾਰਤ ਦਰਮਿਆਨ ਵਿਸ਼ੇਸ਼ ਅਧਿਕਾਰ ਹਾਸਲ ਰਣਨੀਤਕ ਭਾਈਵਾਲੀ ਨੂੰ ਵਧਾਉਣ ਲਈ ਆਪਸੀ ਸਹਿਮਤੀ ਜ਼ਾਹਿਰ ਕੀਤੀ। ਰੂਸੀ ਰਾਸ਼ਟਰਪਤੀ ਦੇ ਦਫ਼ਤਰ (ਕਰੈਮਲਿਨ) ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਵਲਾਦੀਮੀਰ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੂਕਰੇਨ ਵਿਚ ਜਾਰੀ ਰੂਸ ਦੀ ‘ਵਿਸ਼ੇਸ਼ ਫ਼ੌਜੀ ਮੁਹਿੰਮ’ ਬਾਰੇ ਵੀ ਚਰਚਾ ਕੀਤੀ ਤੇ ਖਾਸ ਤੌਰ ’ਤੇ ‘ਕੀਵ ਅਤੇ ਉਸ ਦੇ ਪੱਛਮੀ ਹਮਾਇਤੀਆਂ ਦੇ ਖ਼ਤਰਨਾਕ ਅਤੇ ਉਕਸਾਉਣ ਵਾਲੇ ਰਵੱਈਏ ਨੂੰ ਸੰਕਟ ਵਿਚ ਵਾਧੇ ਲਈ ਜ਼ਿੰਮੇਵਾਰ ਦੱਸਿਆ।’ ਮੋਦੀ ਨਾਲ ਗੱਲਬਾਤ ਵਿਚ ਪੂਤਿਨ ਨੇ ਕਿਹਾ ਕਿ ਇਸ ਵਿਹਾਰ ਕਾਰਨ ਸਮੱਸਿਆ ਨੂੰ ਸਿਆਸੀ ਤੇ ਕੂਟਨੀਤਕ ਰੂਪ ਵਿਚ ਹੱਲ ਕਰਨ ਦੀ ਪ੍ਰਕਿਰਿਆ ਪਟੜੀ ਤੋਂ ਲਹਿ ਗਈ ਹੈ। ਪੂਤਿਨ ਨੇ ਕਿਹਾ ਕਿ ਕਈ ਦੇਸ਼ਾਂ ਵੱਲੋਂ ਗਿਣੇ-ਮਿੱਥੇ ਢੰਗ ਨਾਲ ਗਲਤੀਆਂ ਕੀਤੀਆਂ ਗਈਆਂ ਹਨ। ਇਸ ਕਾਰਨ ਖਾਧ ਪਦਾਰਥਾਂ ਦੇ ਮੁਕਤ ਵਪਾਰ ਵਿਚ ਅੜਿੱਕਾ ਪਿਆ ਹੈ ਤੇ ਉਨ੍ਹਾਂ ਦੀ ਕੀਮਤ ਵਿਚ ਵਾਧਾ ਹੋਇਆ ਹੈ। ਵਲਾਦੀਮੀਰ ਨੇ ਕਿਹਾ ਕਿ ਰੂਸ ਦੇ ਖ਼ਿਲਾਫ਼ ਨਾਜਾਇਜ਼ ਪਾਬੰਦੀਆਂ ਨੇ ਪਹਿਲਾਂ ਤੋਂ ਹੀ ਮੁਸ਼ਕਲ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਪੂਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਰੂਸ ਭਾਰਤੀ ਭਾਈਵਾਲਾਂ ਤੇ ਹੋਰਾਂ ਲਈ ਅਨਾਜ, ਖਾਦਾਂ ਤੇ ਊਰਜਾ ਦਾ ਇਕ ਭਰੋਸੇਯੋਗ ਉਤਪਾਦਕ ਰਿਹਾ ਹੈ ਤੇ ਅੱਗੇ ਵੀ ਇਨ੍ਹਾਂ ਦੀ ਪੂਰਤੀ ਕਰਦਾ ਰਹੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਨੇ ਰੂਸ ਤੋਂ ਤੇਲ ਦਰਾਮਦ ਵਧਾ ਦਿੱਤੀ ਹੈ ਤੇ ਪੱਛਮੀ ਜਗਤ ਨੇ ਇਸ ਉਤੇ ਸਿੱਧੇ-ਅਸਿੱਧੇ ਰੂਪ ਵਿਚ ਇਤਰਾਜ਼ ਜਤਾਇਆ ਹੈ। -ਪੀਟੀਆਈ