ਲੰਡਨ, 30 ਜੂਨ
ਯੂਕੇ ਦੀ ਵਣਜ ਮੰਤਰੀ ਐਨੀ-ਮੈਰੀ ਟਰੈਵੇਲੀਅਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵੱਲੋਂ ਦੋਵਾਂ ਮੁਲਕਾਂ ਦਰਮਿਆਨ ਮੁਕਤ ਵਪਾਰ ਸਮਝੌਤਾ ਸ਼ੁਰੂ ਕਰਨ ਲਈ ਦੀਵਾਲੀ ਤੱਕ ਦੇ ਮਿੱਥੇ ਟੀਚੇ ਨੂੰ ਉਦੋਂ ਤੱਕ ‘ਮੁਕੰਮਲ ਰੂਪ ਵਿੱਚ ਹਾਸਲ’ ਕਰ ਲਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਦੋਵੇਂ ਧਿਰਾਂ ਹੁਣ ਵਪਾਰ ਸਮਝੌਤੇ ਦੇ ਮਾਰਕੀਟ ਤੱਕ ਰਸਾਈ ਦੇ ਪਹਿਲੂ ’ਤੇ ਵਿਚਾਰ ਚਰਚਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰਾਰ ਸਿਰੇ ਚਾੜ੍ਹਨ ਲਈ ਦੋਵੇਂ ਧਿਰਾਂ ਨੂੰ ‘ਸਹਿਯੋਗ’ ਅਤੇ (ਅਸੂਲਾ ਨਾਲ ਥੋੜ੍ਹਾ ਬਹੁਤ) ‘ਸਮਝੌਤਾ’ ਕਰਨ ਦੀ ਲੋੜ ਪੈ ਸਕਦੀ ਹੈ। ਬਰਤਾਨਵੀ ਮੰਤਰੀ ਨੇ ਵਪਾਰਕ ਰਿਸ਼ਤਿਆਂ ਬਾਰੇ ਯੂਕੇ-ਇੰਡੀਆ ਵੀਕ ਫੋਰਮ ਦੌਰਾਨ ਕਿਹਾ, ‘‘ਅਸੀਂ ਇਸ ਦੀਵਾਲੀ (24 ਅਕਤੂਬਰ ਤੱਕ) ਸਮਝੌਤਾ ਸਹੀਬੰਦ ਕਰਨ ਦੀ ਚੁਣੌਤੀ ਨਿਰਧਾਰਿਤ ਕਰ ਦਿੱਤੀ ਹੈ। ਮੈਂ 24 ਅਕਤੂਬਰ ਦੀ ਤਰੀਕ ਆਪਣੇ ਦਿਮਾਗ ’ਚ ਬਿਠਾ ਲਈ ਹੈ।’’ -ਪੀਟੀਆਈ