ਨਵੀਂ ਦਿੱਲੀ, 2 ਦਸੰਬਰ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਐੱਮ.ਫਿਲ. ਤੇ ਪੀਐੱਚ.ਡੀ. ਵਿਦਿਆਰਥੀਆਂ ਲਈ ਥੀਸਸ ਜਮ੍ਹਾਂ ਕਰਵਾਉਣ ਦੀ ਤਰੀਕ ਅਗਲੇ ਸਾਲ 30 ਜੂਨ ਤੱਕ ਵਧਾ ਦਿੱਤੀ ਹੈ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ, ‘‘ਖੋਜਾਰਥੀਆਂ ਦੇ ਵਡੇਰੇ ਹਿੱਤਾਂ ਨੂੰ ਵੇਖਦਿਆਂ ਯੂਨੀਵਰਸਿਟੀਆਂ ਵੱਲੋਂ ਐੱਮ.ਫਿਲ ਤੇ ਪੀਐੱਚ.ਡੀ ਦੇ ਵਿਦਿਆਰਥੀਆਂ ਨੂੰ ਆਪਣਾ ਥੀਸਸ ਜਮ੍ਹਾਂ ਕਰਵਾਉਣ ਲਈ ਛੇ ਮਹੀਨਿਆਂ ਦਾ ਹੋਰ ਵਾਧੂ ਸਮਾਂ ਦਿੱਤਾ ਜਾਂਦਾ ਹੈ। ਜਿਹੜਾ ਥੀਸਸ ਪਹਿਲਾਂ 31 ਦਸੰਬਰ ਤੱਕ ਜਮ੍ਹਾਂ ਕਰਵਾਉਣਾ ਸੀ, ਹੁਣ ਉਹ 30 ਜੂਨ 2022 ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸ ਦੌਰਾਨ ਇਹ ਵੀ ਨੋਟੀਫਾਈ ਕੀਤਾ ਜਾਂਦਾ ਹੈ ਕਿ ਥੀਸਸ ਜੂਨ ਤੱਕ ਜਮ੍ਹਾਂ ਕਰਵਾਉਣ ਦੀ ਇਹ ਮਿਆਦ ਅਜਿਹੇ ਸਾਰੇ ਵਿਦਿਆਰਥੀਆਂ ਲਈ ਵੈਧ ਹੋਵੇਗੀ ਜਿਨ੍ਹਾਂ ਦੇ ਥੀਸਸ ਜਮ੍ਹਾਂ ਕਰਵਾਉਣ ਦੀ ਤਰੀਕ 30 ਜੂਨ ਜਾਂ ਇਸ ਤੋਂ ਪਹਿਲਾਂ ਦੀ ਹੈ।’’ ਸ੍ਰੀ ਜੈਨ ਨੇ ਕਿਹਾ, ‘‘ਛੇ ਮਹੀਨਿਆਂ ਦੇ ਇਸ ਵਾਧੂ ਸਮੇਂ ਦੌਰਾਨ ਥੀਸਸ ਪ੍ਰਕਾਸ਼ਿਤ ਕਰਨ ਦਾ ਸਬੂਤ ਜਮ੍ਹਾਂ ਕਰਵਾਉਣ ਤੋਂ ਇਲਾਵਾ ਦੋ ਕਾਨਫਰੰਸਾਂ ’ਚ ਇਸ ਦੀ ਪੇਸ਼ਕਾਰੀ ਵੀ ਸ਼ਾਮਲ ਹੈ। ਹਾਲਾਂਕਿ ਫੈਲੋਸ਼ਿਪ ਦੀ ਮਿਆਦ ਸਿਰਫ਼ ਪੰਜ ਸਾਲ ਤੱਕ ਹੀ ਰਹੇਗੀ।’’ -ਪੀਟੀਆਈ