ਮੁੰਬਈ, 23 ਸਤੰਬਰ
ਬੰਬਈ ਹਾਈ ਕੋਰਟ ਨੇ ਅੱਜ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ਮੱਧ ਮੁੰਬਈ ਵਿੱਚ ਸਥਿਤ ਸ਼ਿਵਾਜੀ ਪਾਰਕ ’ਚ 5 ਅਕਤੂਬਰ ਨੂੰ ਸਾਲਾਨਾ ਦਸਹਿਰਾ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ। ਅਦਾਲਤ ਨੇ ਪੁਲੀਸ ਨੂੰ ਵੀ ਸਮੁੱਚੀ ਰੈਲੀ ਦੀ ਵੀਡੀਓਗ੍ਰਾਫੀ ਕਰਨ ਦੀ ਹਦਾਇਤ ਕੀਤੀ ਹੈ। ਸ਼ਿਵਾਜੀ ਪਾਰਕ ਜਿੱਥੇ ਕਿ ਸ਼ਿਵ ਸੈਨਾ ਪਿਛਲੇ ਕਈ ਸਾਲਾਂ ਤੋਂ ਦਸਹਿਰਾ ਰੈਲੀ ਕਰਦੀ ਆ ਰਹੀ ਸੀ, ਵਿਖੇ 5 ਅਕਤੂਬਰ ਨੂੰ ਹੀ ਰੈਲੀ ਕਰਨ ਲਈ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੇ ਵੀ ਬੀਐੱਮਸੀ ਕੋਲ ਅਰਜ਼ੀ ਦਿੱਤੀ ਸੀ। ਉਪਰੰਤ ਇਸ ਜਗ੍ਹਾ ਨੂੰ ਲੈ ਕੇ ਕਾਨੂੰਨੀ ਜੰਗ ਛਿੜ ਗਈ ਸੀ। ਜਸਟਿਸ ਆਰ.ਡੀ. ਧਾਨੁਕਾ ਅਤੇ ਜਸਟਿਸ ਕਮਲ ਖਾਟਾ ਦੇ ਬੈਂਚ ਨੇ ਕਿਹਾ ਕਿ ਬ੍ਰਿਹਨਮੁੰਬਈ ਨਗਰ ਨਿਗਮ (ਬੀਐੱਮਸੀ) ਵੱਲੋਂ ਕਿਸੇ ਧੜੇ ਨੂੰ ਮਨਜ਼ੂਰੀ ਨਾ ਦਿੱਤੇ ਜਾਣ ਦਾ ਫ਼ੈਸਲਾ ਸਪੱਸ਼ਟ ਤੌਰ ’ਤੇ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ’ ਹੈ। ਠਾਕਰੇ ਧੜੇ ਨੇ ਬੀਐੱਮਸੀ ਦੇ ਹੁਕਮਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘‘ਬੀਐੱਮਸੀ ਵੱਲੋਂ ਸਿਰਫ਼ ਇਸ ਆਧਾਰ ’ਤੇ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਜਾਣਾ ਕਿ ਉਸੇ ਜਗ੍ਹਾ ’ਤੇ ਰੈਲੀ ਕਰਨ ਲਈ ਦੂਜੇ ਧੜੇ ਨੇ ਵੀ ਇਜਾਜ਼ਤ ਮੰਗੀ ਹੈ, ਸਪੱਸ਼ਟ ਤੌਰ ’ਤੇ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੈ।’’ ਅਦਾਲਤ ਨੇ ਕਿਹਾ, ‘‘ਨਗਰ ਨਿਗਮ ਨੇ ਮਾਮੂਲੀ ਆਧਾਰ ’ਤੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ।’’ ਬੈਂਚ ਨੇ ਠਾਕਰੇ ਧੜੇ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਦੇ ਹੋਏ 2 ਤੋਂ 6 ਅਕਤੂਬਰ ਤੱਕ ਮੈਦਾਨ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਪੁਲੀਸ ਨੂੰ ਵੀ ਸਮੁੱਚੀ ਰੈਲੀ ਦੀ ਵੀਡੀਓਗ੍ਰਾਫੀ ਕਰਨ ਦੀ ਹਦਾਇਤ ਕੀਤੀ ਹੈ। -ਪੀਟੀਆਈ