ਨਵੀਂ ਦਿੱਲੀ, 23 ਜੁਲਾਈ
ਚੋਣ ਕਮਿਸ਼ਨ ਨੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਦੇ ਦੋਵੇਂ ਧੜਿਆਂ ਤੋਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਦਾਅਵੇ ਲਈ ਆਪੋ ਆਪਣੇ ਦਸਤਾਵੇਜ਼ 8 ਅਗਸਤ ਤੱਕ ਜਮ੍ਹਾਂ ਕਰਾਉਣ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਦੋਵੇਂ ਧੜਿਆਂ ਨੂੰ ਪਾਰਟੀ ਦੇ ਵਿਧਾਨਕ ਅਤੇ ਜਥੇਬੰਦਕ ਵਿੰਗਾਂ ਤੋਂ ਹਮਾਇਤ ਦੇ ਪੱਤਰਾਂ ਸਮੇਤ ਹੋਰ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਚੋਣ ਨਿਸ਼ਾਨ (ਰਾਖਵਾਂਕਰਨ ਅਤੇ ਅਲਾਟਮੈਂਟ) ਆਰਡਰ, 1968 ਦੇ ਪੈਰਾਗ੍ਰਾਫ਼ 15 ਤਹਿਤ ਉਠਾਇਆ ਗਿਆ ਹੈ। ਕੁਝ ਦਿਨ ਪਹਿਲਾਂ ਸ਼ਿੰਦੇ ਧੜੇ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ਿਵ ਸੈਨਾ ਦੇ ਚੋਣ ਨਿਸ਼ਾਨ ‘ਤੀਰ ਕਮਾਨ’ ’ਤੇ ਆਪਣਾ ਹੱਕ ਜਤਾਇਆ ਸੀ। ਉਨ੍ਹਾਂ ਧੜੇ ਨੂੰ ਲੋਕ ਸਭਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਵੱਲੋਂ ਮਾਨਤਾ ਦੇਣ ਦਾ ਹਵਾਲਾ ਦਿੱਤਾ ਸੀ। -ਪੀਟੀਆਈ