ਮੁੰਬਈ, 29 ਜੂਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਰਾਜ ਭਵਨ ਪਹੁੰਚ ਕੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਨੇ ਵਿਧਾਨ ਸਭਾ ਪ੍ਰੀਸ਼ਦ ਦੀ ਮੈਂਬਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸਤੋਂ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਨੇ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਵੀਰਵਾਰ ਸਵੇਰੇ 11 ਵਜੇ ਤੱਕ ਫਲੋਰ ਟੈਸਟ ਦੇਣ ਲਈ ਕਿਹਾ ਸੀ, ਜਿਸ ਨੂੰ ਸ਼ਿਵ ਸੈਨਾ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸਿਖਰਲੀ ਅਦਾਲਤ ਵੱਲੋਂ ਕੋਈ ਰਾਹਤ ਨਾ ਮਿਲਣ ਮਗਰੋਂ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਨੇ ਆਨਲਾਈਨ ਲਾਈਵ ਹੋ ਕੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਊਧਵ ਦੇ ਅਸਤੀਫ਼ਾ ਦੇਣ ਨਾਲ ਭਾਜਪਾ ਦਾ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਰਾਹ ਮੋਕਲਾ ਹੋ ਗਿਆ ਹੈ। ਉਧਰ, ਭਾਜਪਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਦੇਵੇਂਦਰ ਫੜਨਵੀਸ ਦੀ ਰਿਹਾਇਸ਼ ’ਤੇ ਇਕੱਠੇ ਹੋਏ ਅਤੇ ਮਹਾ ਵਿਕਾਸ ਅਗਾੜੀ ਸਰਕਾਰ ਡਿੱਗਣ ’ਤੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ।