ਮੁੰਬਈ, 1 ਅਗਸਤ
ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਅੱਜ ਪਾਰਟੀ ਆਗੂ ਸੰਜੈ ਰਾਊਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਈਡੀ ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਐਤਵਾਰ ਦੇਰ ਰਾਤ ਸ਼ਿਵ ਸੈਨਾ ਆਗੂ ਨੂੰ ਗ੍ਰਿਫ਼ਤਾਰ ਕੀਤਾ ਸੀ। ਠਾਕਰੇ ਭਨਦੁਪ ਸਥਿਤ ਰਾਊਤ ਦੀ ਰਿਹਾਇਸ਼ ’ਤੇ ਗਏੇ। ਇਸ ਮੌਕੇ ਉਨ੍ਹਾਂ ਦੇ ਨਾਲ ਸੰਸਦ ਮੈਂਬਰ ਅਰਵਿੰਦ ਸਾਵੰਤ, ਵਿਧਾਇਕ ਰਵਿੰਦਰ ਵਾਇਕਰ ਅਤੇ ਮਿਲਿੰਦ ਨਰਵੇਕਰ ਵੀ ਸਨ। ਸ਼ਿਵ ਸੈਨਾ ਮੁਖੀ ਨੇ ਰਾਊਤ ਦੀ ਬਜ਼ੁਰਗ ਮਾਤਾ, ਪਤਨੀ , ਧੀਆਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਅੱਜ ਰਾਊਤ ਦੇ ਭਰਾ ਅਤੇ ਵਿਧਾਇਕ ਸੁਨੀਲ ਰਾਊਤ ਨੇ ਪੀਟੀਆਈ ਨੂੰ ਦੱਸਿਆ ਕਿ ਠਾਕਰੇ ਰਾਊਤ ਦੇ ਪਰਿਵਾਰ ਨਾਲ ਖੜ੍ਹੇ ਹਨ।
ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਦੀ ਗ੍ਰਿਫ਼ਤਾਰੀ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਊਤ ’ਤੇ ਮਾਣ ਹੈ, ਕਿਉਂਕਿ ਉਹ ਕਿਸੇ ਦਬਾਅ ਅੱਗੇ ਨਹੀਂ ਝੁਕਿਆ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਬਦਲੇ ਦੀ ਸਿਆਸਤ ਕਰ ਰਹੀ ਹੈ। ਠਾਕਰੇ ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਗੂ ਨੂੰ ਸ਼ਿਵਸੈਨਾ ਬਾਨੀ ਮਰਹੂਮ ਬਾਲ ਠਾਕਰੇ ਦਾ ਕੱਟੜ ਸ਼ਿਵਸੈਨਿਕ ਕਰਾਰ ਦਿੱਤਾ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ ਮੈਨੂੰ ਸੰਜੈ ਰਾਊਤ ’ਤੇ ਮਾਣ ਹੈ। ਉਨ੍ਹਾਂ ਕਿਹੜਾ ਅਪਰਾਧ ਕੀਤਾ ਹੈ? ਉਹ ਇਕ ਪੱਤਰਕਾਰ ਹੈ, ਇਕ ਨਿਡਰ ਸ਼ਿਵਸੈਨਿਕ ਹੈ।’’-–ਏਜੰਸੀ