ਮੁੰਬਈ, 26 ਜੁਲਾਈ
ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਵਿਰੋਧੀ ਪਾਰਟੀ ਦੇ ਆਗੂਆਂ ਦੀ ਤੁਲਨਾ ਕਿਸੇ ਦਰੱਖ਼ਤ ਦੇ ‘ਗਲੇ ਹੋਏ ਪੱਤਿਆਂ’ ਨਾਲ ਕੀਤੀ ਤੇ ਕਿਹਾ ਕਿ ਚੋਣਾਂ ਮਗਰੋਂ ਇਹ ਪਤਾ ਲੱਗ ਜਾਵੇਗਾ ਕਿ ਲੋਕ ਕਿਸਦਾ ਸਮਰਥਨ ਕਰਦੇ ਹਨ।
ਪਿਛਲੇ ਮਹੀਨੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ਨਾਲ ਆਪਣੀ ਪਹਿਲੀ ਇੰਟਰਵਿਊ ਮੌਕੇ ਸ੍ਰੀ ਠਾਕਰੇ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਲਤੀ ਸੀ ਕਿ ਉਨ੍ਹਾਂ ਪਾਰਟੀ ਦੇ ਕੁਝ ਆਗੂਆਂ ’ਤੇ ਇੰਨਾ ਜ਼ਿਆਦਾ ਭਰੋਸਾ ਕੀਤਾ। ਸੈਨਾ ’ਚੋਂ ਬਾਗ਼ੀ ਹੋਏ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਨਾਂ ਲਏ ਬਿਨਾਂ ਸ੍ਰੀ ਠਾਕਰੇ ਨੇ ਕਿਹਾ ਕਿ ਕੁਝ ਲੋਕ ਆਪਣੀ ਤੁਲਨਾ ਬਾਲਾਸਾਹੇਬ ਠਾਕਰੇ ਨਾਲ ਕਰ ਰਹੇ ਹਨ, ਜਿਸ ਤੋਂ ਸ਼ੈਤਾਨੀ ਟੀਚੇ ਤੇ ਲਾਲਚ (ਸੱਤਾ ਲਈ) ਬਾਰੇ ਪਤਾ ਲੱਗਦਾ ਹੈ। ਉਨ੍ਹਾਂ ਕਿਹਾ,‘ਇਹ ਬਾਗ਼ੀ ਗਲੇ ਹੋਏ ਪੱਤਿਆਂ ਵਾਂਗ ਹਨ ਤੇ ਇਨ੍ਹਾਂ ਨੂੰ ਡਿੱਗ ਹੀ ਜਾਣਾ ਚਾਹੀਦਾ ਹੈ। ਇਹ ਦਰੱਖ਼ਤ ਲਈ ਚੰਗਾ ਹੋਵੇਗਾ ਕਿਉਂਕਿ ਉਸ ’ਤੇ ਨਵੇਂ ਪੱਤੇ ਆ ਜਾਣਗੇ।’ ਬਾਗ਼ੀ ਆਗੂਆਂ ਵੱਲੋਂ ਸ਼ਿਵ ਸੈਨਾ ਦਾ ਅਸਲ ’ਚ ਨੁਮਾਇੰਦਾ ਹੋਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਤਾ ਲੱਗ ਜਾਵੇਗਾ ਕਿ ਲੋਕ ਕਿਸਦਾ ਸਮਰਥਨ ਕਰਦੇ ਹਨ।’ ਸਾਬਕਾ ਮੁੱਖ ਮੰਤਰੀ ਨੇ ਕਿਹਾ,‘ਲੋਕ ਜਾਂ ਤਾਂ ਸਾਨੂੰ ਵੋਟ ਪਾਉਣਗੇ ਜਾਂ ਉਨ੍ਹਾਂ ਦਾ ਸਮਰਥਨ ਕਰਨਗੇ। ਇੱਕ ਵਾਰ ’ਚ ਸਭ ਕੁਝ ਸਾਫ਼ ਹੋ ਜਾਵੇਗਾ। ਬਗ਼ਾਵਤ ਲਈ ਜ਼ਿੰਮੇਵਾਰੀ ਤੈਅ ਕਰਨ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,‘ਇੰਜ ਜਾਪਦਾ ਹੈ ਕਿ ਮੈਂ ਕੁਝ ਸੈਨਾ ਕਾਰਕੁਨਾਂ ਤੇ ਆਗੂਆਂ ’ਤੇ ਜ਼ਿਆਦਾ ਹੀ ਭਰੋਸਾ ਕਰ ਲਿਆ। ਇਹ ਮੇਰੀ ਗਲਤੀ ਹੈ ਕਿ ਮੈਂ ਇੰਨਾ ਲੰਮਾ ਸਮਾਂ ਉਨ੍ਹਾਂ ’ਤੇ ਯਕੀਨ ਕਰਦਾ ਰਿਹਾ।’ -ਪੀਟੀਆਈ
ਮੈਂ ਫਿਕਸ ਮੈਚ ਨਹੀਂ ਦੇਖਿਆ: ਫੜਨਵੀਸ
ਊਧਵ ਠਾਕਰੇ ਦੀ ਇੰਟਰਵਿਊ ਬਾਰੇ ਪ੍ਰਤੀਕਿਰਿਆ ਦਿੰਦਿਆਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਉਨ੍ਹਾਂ ‘ਫਿਕਸ ਮੈਚ’ ਨਹੀਂ ਦੇਖਿਆ। ਉਨ੍ਹਾਂ ਕਿਹਾ,‘ਜੇਕਰ ਇਹ ਲਾਈਵ ਮੈਚ ਹੁੰਦਾ ਤਾਂ ਮੈਂ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਾ।’
ਈਡੀ ਰਾਹੀਂ ਆਗੂਆਂ ’ਤੇ ਦਬਾਅ ਪਾ ਕੇ ਭਾਜਪਾ ਮਾੜੀ ਰਾਜਨੀਤੀ ਕਰ ਰਹੀ ਹੈ: ਖੈਰੇ
ਔਰੰਗਾਬਾਦ: ਸ਼ਿਵ ਸੈਨਾ ਦੇ ਸਾਬਕਾ ਸੰਸਦ ਮੈਂਬਰ ਚੰਦਰਕਾਂਤ ਖੈਰੇ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਈਡੀ ਰਾਹੀਂ ਆਗੂਆਂ ’ਤੇ ਦਬਾਅ ਪਾ ਕੇ ਮਾੜੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਅਰਜੁਨ ਖੋਟਕਰ ਨੂੰ ਅਜਿਹੀ ਰਾਜਨੀਤੀ ਦਾ ਸ਼ਿਕਾਰ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸ੍ਰੀ ਖੋਟਕਰ ਨੂੰ ਪਾਰਟੀ ਮੁਖੀ ਊਧਵ ਠਾਕਰੇ ਨੂੰ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਨਾਲ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਖੋਟਕਰ ਨੂੰ ਕੁਝ ਦਿਨ ਪਹਿਲਾਂ ਹੀ ਸ਼ਿਵ ਸੈਨਾ ਦਾ ਉਪ ਨੇਤਾ ਬਣਾਇਆ ਗਿਆ ਸੀ। -ਪੀਟੀਆਈ