ਜੈਪੁਰ, 2 ਜੁਲਾਈ
ਉਦੈਪੁਰ ’ਚ ਦਰਜੀ ਕਨ੍ਹੱਈਆ ਲਾਲ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਦੀ ਅੱਜ ਅਦਾਲਤ ’ਚ ਪੇਸ਼ੀ ਸਮੇਂ ਗੁੱਸੇ ’ਚ ਆਏ ਵਕੀਲਾਂ ਨੇ ਮੁਲਜ਼ਮਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਪਹਿਲਾਂ ਪੇਸ਼ੀ ਦੌਰਾਨ ਅਦਾਲਤ ਨੇ ਮੁਲਜ਼ਮਾਂ ਨੂੰ 10 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ। ਇਹ ਘਟਨਾ ਮੁਲਜ਼ਮਾਂ ਨੂੰ ਪੇਸ਼ੀ ਤੋਂ ਵਾਪਸ ਲਿਜਾਣ ਸਮੇਂ ਵਾਪਰੀ।
ਸੂਤਰਾਂ ਨੇ ਦੱਸਿਆ ਕਿ ਵਕੀਲਾਂ ਦੇ ਇੱਕ ਟੋਲੇ ਨੇ ਮੁਲਜ਼ਮਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਅਤੇ ਗਾਲ੍ਹਾਂ ਕੱਢਦਿਆਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲੀਸ ਕਿਸੇ ਤਰ੍ਹਾਂ ਮੁਲਜ਼ਮਾਂ ਨੂੰ ਵਕੀਲਾਂ ਤੋਂ ਬਚਾਅ ਕੇ ਗੱਡੀ ਵਿੱਚ ਚੜ੍ਹਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕਨ੍ਹੱਈਆ ਲਾਲ ਕਤਲ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਰਿਆਜ਼ ਅਖਤਰੀ, ਗੌਸ ਮੁਹੰਮਦ, ਮੋਹਸਿਨ ਤੇ ਆਸਿਫ਼ ਨੂੰ ਅੱਜ ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਚਾਰਾਂ ਨੂੰ 10 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਦਿਆਂ ਮੁਲਜ਼ਮਾਂ ਨੂੰ 12 ਜੁਲਾਈ ਨੂੰ ਮੁੜ ਅਦਾਲਤ ’ਚ ਪੇਸ਼ ਕਰਨ ਦਾ ਹੁਕਮ ਦਿੱਤਾ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਸਮੇਂ ਮੌਜੂਦ ਵਕੀਲਾਂ ਨੇ ਇਸ ਘਟਨਾ ਦੇ ਰੋਸ ਵਜੋਂ ਨਾਅਰੇਬਾਜ਼ੀ ਵੀ ਕੀਤੀ।
ਮੁਲਜ਼ਮਾਂ ਨੂੰ ਪੇਸ਼ੀ ਮਗਰੋਂ ਜਦੋਂ ਵਾਪਸ ਲਿਜਾਇਆ ਜਾ ਰਿਹਾ ਸੀ ਤਾਂ ਗੁੱਸੇ ’ਚ ਆਏ ਵਕੀਲਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਵਕੀਲਾਂ ਨੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਦੈਪੁਰ ਦੇ ਸੱਤ ਥਾਣਾ ਖੇਤਰਾਂ ’ਚ ਲਾਏ ਕਰਫਿਊ ’ਚ ਅੱਜ ਚਾਰ ਘੰਟੇ ਦੀ ਢਿੱਲ ਦਿੱਤੀ। -ਪੀਟੀਆਈ
ਨਿਆਂਪਾਲਿਕਾ ਸਿਰਫ਼ ਸੰਵਿਧਾਨ ਪ੍ਰਤੀ ਜਵਾਬਦੇਹ: ਚੀਫ਼ ਜਸਟਿਸ ਰਾਮੰਨਾ
ਨਵੀਂ ਦਿੱਲੀ: ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਕਿਹਾ ਹੈ ਕਿ ਨਿਆਂਪਾਲਿਕਾ ਸਿਰਫ਼ ਸੰਵਿਧਾਨ ਪ੍ਰਤੀ ਜਵਾਬਦੇਹ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਇਹ ਜਾਪਦਾ ਹੈ ਕਿ ਨਿਆਂਪਾਲਿਕਾ ਨੂੰ ਉਨ੍ਹਾਂ ਦੇ ਕੰਮਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਪਰ ਜੁਡੀਸ਼ਰੀ ਇਕ ਆਜ਼ਾਦ ਸੰਸਥਾ ਹੈ ਜਿਸ ਦੀ ਜਵਾਬਦੇਹੀ ਸਿਰਫ਼ ਸੰਵਿਧਾਨ ਪ੍ਰਤੀ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਜਾਂ ਵਿਚਾਰਧਾਰਾ ਪ੍ਰਤੀ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਮੌਜੂਦ ਪਾਰਟੀ ਸੋਚਦੀ ਹੈ ਕਿ ਹਰ ਸਰਕਾਰੀ ਕੰਮ ਨੂੰ ਜੁਡੀਸ਼ਰੀ ਦੀ ਹਮਾਇਤ ਮਿਲਣੀ ਚਾਹੀਦੀ ਹੈ।
ਕੋਲਕਾਤਾ ਪੁਲੀਸ ਵੱਲੋਂ ਨੂਪੁਰ ਸ਼ਰਮਾ ਖ਼ਿਲਾਫ਼ ਲੁਕਆਊਟ ਨੋਟਿਸ
ਕੋਲਕਾਤਾ: ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਾਰਨ ਵਿਵਾਦਾਂ ’ਚ ਘਿਰੀ ਭਾਜਪਾ ਦੀ ਮੁਅੱਤਲ ਤਰਜਮਾਨ ਦੇ ਸੰਮਨਾਂ ਦੀ ਤਾਮੀਲ ਨਾ ਕਰਨ ’ਤੇ ਕੋਲਕਾਤਾ ਪੁਲੀਸ ਨੇ ਉਸ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੈ। ਉਸ ਨੇ ਚਾਰ ਵਾਰ ਸੰਮਨਾਂ ਨੂੰ ਅਣਗੌਲਿਆ ਕੀਤਾ ਸੀ ਜਿਸ ਮਗਰੋਂ ਇਹ ਨੋਟਿਸ ਜਾਰੀ ਹੋਇਆ ਹੈ। ਨੂਪੁਰ ਨੂੰ ਐਮਹਰਸਟ ਸਟਰੀਟ ਅਤੇ ਨਾਰਕੇਲਡਾਂਗਾ ਪੁਲੀਸ ਸਟੇਸ਼ਨਾਂ ਨੇ ਦੋ-ਦੋ ਵਾਰ ਤਲਬ ਕੀਤਾ ਸੀ ਜਿਥੇ ਉਸ ਖ਼ਿਲਾਫ਼ ਪਿਛਲੇ ਮਹੀਨੇ ਐੱਫਆਈਆਰਜ਼ ਦਰਜ ਕਰਵਾਈਆਂ ਗਈਆਂ ਸਨ। ਨੂਪੁਰ ਸ਼ਰਮਾ ਨੇ ਖ਼ਦਸ਼ਾ ਜਤਾਇਆ ਸੀ ਕਿ ਉਸ ਦੇ ਕੋਲਕਾਤਾ ਆਉਣ ’ਤੇ ਹਮਲਾ ਹੋ ਸਕਦਾ ਹੈ ਅਤੇ ਉਸ ਨੇ ਪੁਲੀਸ ਅਧਿਕਾਰੀਆਂ ਅੱਗੇ ਪੇਸ਼ ਹੋਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਸੀ। -ਪੀਟੀਆਈ
ਅਮਰਾਵਤੀ ਵਿੱਚ ਕੈਮਿਸਟ ਹੱਤਿਆ ਕੇਸ ਦੀ ਜਾਂਚ ਐੱਨਆਈਏ ਨੂੰ ਸੌਂਪੀ
ਨਵੀਂ ਦਿੱਲੀ/ਅਮਰਾਵਤੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਕੈਮਿਸਟ ਹੱਤਿਆ ਕਾਂਡ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਐੱਨਆਈਏ ਟੀਮ ਨੇ ਅੱਜ ਅਮਰਾਵਤੀ ਦਾ ਦੌਰਾ ਵੀ ਕੀਤਾ। ਕੈਮਿਸਟ ਵੱਲੋਂ ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਦੀ ਹਮਾਇਤ ਵਿੱਚ ਸੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਨੂੰ ਉਸ ਦੇ ਕਤਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕੈਮਿਸਟ ਉਮੇਸ਼ ਪ੍ਰਹਿਲਾਦਰਾਓ ਕੋਲ੍ਹੇ ਦੀ 21 ਜੂਨ ਨੂੰ ਹੱਤਿਆ ਕੀਤੀ ਗਈ ਸੀ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਟਵੀਟ ਕੀਤਾ ਕਿ ਕੋਲ੍ਹੇ ਦੀ ‘ਬੇਰਹਿਮੀ ਨਾਲ ਕੀਤੀ ਹੱਤਿਆ’ ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਸੰਘੀ ਜਾਂਚ ਏਜੰਸੀ ਹੱਤਿਆ ਪਿਛਲੀ ਸਾਜ਼ਿਸ਼ ਅਤੇ ਜਥੇਬੰਦੀਆਂ ਦੀ ਸ਼ਮੂਲੀਅਤ ਤੇ ਕਿਸੇ ਕੌਮਾਂਤਰੀ ਲਿੰਕ ਦੀ ਮੁਕੰਮਲ ਜਾਂਚ ਕਰੇਗੀ। ਰਾਜਸਥਾਨ ਦੇ ਉਦੈਪੁਰ ਵਿੱਚ ਦਰਜੀ ਦੀ ਹੱਤਿਆ ਤੇ ਮਗਰੋਂ ਇਸ ਦੀ ਵੀਡੀਓ ਆਨਲਾਈਨ ਪੋਸਟ ਕਰਕੇ ਇਸਲਾਮ ਦੇ ਨਿਰਾਦਰ ਦਾ ਬਦਲਾ ਲੈਣ ਦਾ ਦਾਅਵਾ ਕਰਨ ਵਾਲੀ ਇਸ ਘਟਨਾ ਤੋਂ ਹਫ਼ਤਾ ਪਹਿਲਾਂ ਅਮਰਾਵਤੀ ਵਿੱਚ ਕੈਮਿਸਟ ਦੀ ਹੱਤਿਆ ਕੀਤੀ ਗਈ ਸੀ। ਉਦੈਪੁਰ ਹੱਤਿਆ ਕਾਂਡ ਦੀ ਜਾਂਚ ਵੀ ਐੱਨਆਈਏ ਵੱਲੋਂ ਕੀਤੀ ਜਾ ਰਹੀ ਹੈ।
ਮਹਾਰਾਸ਼ਟਰ ਪੁਲੀਸ ਨੇ ਅਮਰਾਵਤੀ ਹੱਤਿਆ ਦੇ ਦੋਸ਼ ਵਿੱਚ ਪੰਜ ਵਿਅਕਤੀਆਂ ਮੁਦੱਸਿਰ ਅਹਿਮਦ, ਸ਼ਾਹਰੁਖ਼ ਪਠਾਨ, ਅਬਦੁਲ ਤੌਫ਼ੀਕ, ਸ਼ੋਇਬ ਖ਼ਾਨ ਤੇ ਆਤਬਿ ਰਾਸ਼ਿਦ ਨੂੰ ਗ੍ਰਿਫ਼ਤਾਰ ਕੀਤਾ ਸੀ ਜਦੋਂਕਿ ਇਰਫ਼ਾਨ ਖ਼ਾਨ ਨਾਂ ਦੇ ਸ਼ਖ਼ਸ ਨੂੰ ਅੱਜ ਨਾਗਪੁਰ ਤੋਂ ਕਾਬੂ ਕਰ ਲਿਆ। ਪੁਲੀਸ ਨੇ ਕਤਲ ਵਿੱਚ ਵਰਤਿਆ ਚਾਕੂ ਵੀ ਬਰਾਮਦ ਕੀਤਾ ਹੈ। ਖਾਨ ਐੱਨਜੀਓ ਚਲਾਉਂਦਾ ਹੈ ਤੇ ਇਸ ਕੇਸ ਵਿੱਚ ਕਥਿਤ ਮੁੱਖ ਮੁਲਜ਼ਮ ਹੈ। ਪੁਲੀਸ ਮੁਤਾਬਕ ਕੋਲ੍ਹੇ ਨੇ ਨੂਪੁਰ ਸ਼ਰਮਾ ਦੀ ਹਮਾਇਤ ਵਿੱਚ ਕੁਝ ਵਟਸਐਪ ਗਰੁੱਪਾਂ ’ਤੇ ਪੋਸਟ ਸਾਂਝੀ ਕੀਤੀ ਸੀ, ਜਿਸ ਮਗਰੋਂ ਖ਼ਾਨ ਨੇ ਉਸ ਦੀ ਹੱਤਿਆ ਦੀ ਸਾਜ਼ਿਸ਼ ਘੜੀ। ਕੋਲ੍ਹੇ ਨੂੰ 21 ਜੂਨ ਨੂੰ ਰਾਤ 10 ਤੋਂ ਸਾਢੇ ਦਸ ਵਜੇ ਦਰਮਿਆਨ ਉਦੋਂ ਕਤਲ ਕੀਤਾ ਗਿਆ ਸੀ, ਜਦੋਂ ਉਹ ਆਪਣੀ ਦੁਕਾਨ ਤੋਂ ਦੁਪਹੀਏ ’ਤੇ ਘਰ ਪਰਤ ਰਿਹਾ ਸੀ। -ਪੀਟੀਆਈ