ਜੈਪੁਰ: ਐੱਨਆਈਏ ਨੇ ਉਦੈਪੁਰ ਦੇ ਕਨ੍ਹੱਈਆ ਲਾਲ ਹੱਤਿਆ ਕਾਂਡ ਵਿਚ ਗ੍ਰਿਫ਼ਤਾਰ ਇਕ ਹੋਰ ਮੁਲਜ਼ਮ ਨੂੰ ਅੱਜ ਇੱਥੇ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 12 ਜੁਲਾਈ ਤੱਕ ਕੌਮੀ ਜਾਂਚ ਏਜੰਸੀ ਦੀ ਹਿਰਾਸਤ ਵਿਚ ਭੇਜ ਦਿੱਤਾ। ਐੱਨਆਈਏ ਦੀ ਟੀਮ ਨੇ ਕਰੜੇ ਸੁਰੱਖਿਆ ਪ੍ਰਬੰਧਾਂ ਵਿਚਾਲੇ ਮੁਲਜ਼ਮ ਮੁਹੰਮਦ ਮੋਹਸਿਨ ਨੂੰ ਅੱਜ ਇੱਥੇ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ। ਵਿਸ਼ੇਸ਼ ਸਰਕਾਰੀ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਮੋਹਸਿਨ ਨੂੰ 12 ਜੁਲਾਈ ਤੱਕ ਐੱਨਆਈਏ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਮੁਹੰਮਦ ਮੋਹਸਿਨ ਨੂੰ ਕਨ੍ਹੱਈਆ ਦੀ ਦੁਕਾਨ ਦੀ ਰੇਕੀ ਕਰਨ ਤੇ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਸੋਮਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।ਜ਼ਿਕਰਯੋਗ ਹੈ ਕਿ ਇਸ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਰਿਆਜ਼ ਅਖ਼ਤਰੀ ਤੇ ਗ਼ੌਸ ਮੁਹੰਮਦ ਨੂੰ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਦਕਿ ਦੋ ਹੋਰ ਮੁਲਜ਼ਮਾਂ ਮੋਹਸਿਨ ਤੇ ਆਸਿਫ਼ ਨੂੰ ਰੇਕੀ ਕਰਨ ਤੇ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਵੀਰਵਾਰ ਰਾਤ (30 ਜੂਨ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨੂੰ ਦੋ ਜੁਲਾਈ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਹ ਸਾਰੇ ਹੁਣ 12 ਜੁਲਾਈ ਤੱਕ ਐੱਨਆਈਏ ਦੀ ਹਿਰਾਸਤ ਵਿਚ ਰਹਿਣਗੇ। -ਪੀਟੀਆਈ