ਜੈਪੁਰ, 12 ਜੁਲਾਈ
ਰਾਜਥਾਨ ਦੇ ਉਦੈਪੁਰ ਵਿੱਚ ਦਰਜੀ ਕੱਨ੍ਹਈਆ ਲਾਲ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਸੱਤ ਮੁਲਜ਼ਮਾਂ ਨੂੰ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਇਨ੍ਹਾਂ ਮੁਲਜ਼ਮਾਂ ਨੂੰ 12 ਜੁਲਾਈ ਤਕ ਰਿਮਾਂਡ ਲਈ ਐੱਨਆਈਏ ਦੀ ਹਿਰਾਸਤ ਵਿੱਚ ਭੇਜਿਆ ਸੀ। ਇਹ ਜਾਣਕਾਰੀ ਸਰਕਾਰੀ ਵਕੀਲ ਟੀ.ਪੀ. ਸ਼ਰਮਾ ਨੇ ਦਿੱਤੀ ਹੈ। ਕੱਨ੍ਹਈਆ ਲਾਲ ਦੀ ਹੱਤਿਆ 28 ਜੂਨ ਨੂੰ ਉਸ ਦੀ ਦੁਕਾਨ ’ਤੇ ਕਥਿਤ ਤੌਰ ’ਤੇ ਰਿਆਜ ਅਖ਼ਤਰੀ ਤੇ ਗੌਸ ਮੁਹੰਮਦ ਨੇ ਕੀਤੀ ਸੀ ਤੇ ਉਸ ’ਤੇ ਇਸਲਾਮ ਦੀ ਤੌਹੀਨ ਦਾ ਦੋਸ਼ ਲਗਾਇਆ ਸੀ। ਬਾਅਦ ਵਿੱਚ ਪੁਲੀਸ ਨੇ ਦੋਹਾਂ ਨੂੰ ਕੁਝ ਘੰਟਿਆਂ ਮਗਰੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਦੋ ਦਿਨਾਂ ਮਗਰੋਂ ਐੱਨਆਈਏ ਨੇ ਮੋਹਸਿਨ ਤੇ ਆਸਿਫ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਮਗਰੋਂ ਵਾਸਿਮ ਅਲੀ, ਫਰਹਾਦ ਮੁਹੰਮਦ ਸੇਖ਼ ਤੇ ਮੁਹੰਮਦ ਮੋਹਸਿਨ ਦੀ ਗ੍ਰਿਫ਼਼ਤਾਰੀ ਹੋਈ ਸੀ। -ਏਜੰਸੀ