ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਾਰਚ
ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬਾਰੇ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਪਾਰਟੀ ਦੱਸਣ ਦੇ ਮੁੱਦੇ ’ਤੇ ਯੂ-ਟਰਨ ਲੈ ਲਿਆ ਹੈ।
ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਦਾਅਵਾ ਕੀਤਾ ਕਿ ਭਲਕੇ ਦਿੱਲੀ ਹਾਈ ਕੋਰਟ ਵਿੱਚ ਦਿੱਲੀ ਕਮੇਟੀ ਦੀਆਂ ਚੋਣਾਂ ਬਾਬਤ ਸੁਣਵਾਈ ਹੋਣੀ ਹੈ, ਜਿਸ ਤੋਂ ਐਨ ਪਹਿਲਾਂ ਸ੍ਰੀ ਗੌਤਮ ਨੇ ਪਹਿਲਾਂ ਲਏ ਉਹ ਸਾਰੇ ਫ਼ੈਸਲੇ ਵਾਪਸ ਲੈ ਲਏ ਹਨ, ਜਿਨ੍ਹਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਧਾਰਮਿਕ ਪਾਰਟੀ ਵਜੋਂ ਮਾਨਤਾ ਮਿਲਣ ਲਈ ਰਾਹ ਖੁੱਲ੍ਹ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਨਵੇਂ ਹੁਕਮਾਂ ਮੁਤਾਬਕ ਅਪਰੈਲ ਵਿੱਚ ਹੋਣ ਵਾਲੀਆਂ ਦਿੱਲੀ ਕਮੇਟੀ ਦੀਆਂ ਚੋਣਾਂ ਪੁਰਾਣੇ ਨਿਯਮਾਂ ਤਹਿਤ ਹੀ ਹੋਣਗੀਆਂ। ਦਿੱਲੀ ਸਰਕਾਰ ਦੇ ਤਾਜ਼ਾ ਫ਼ੈਸਲੇ ਨਾਲ ਬਾਦਲ ਧੜੇ ਅਤੇ ਸਰਨਾ ਧੜੇ ਦੇ ਚੋਣ ਨਿਸ਼ਾਨਾਂ ਉੱਪਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਦੌਰਾਨ ਚੋਣ ਨਿਸ਼ਾਨ ਸਬੰਧੀ 2017 ਵਿੱੱਚ ਵੀ ਮਾਮਲਾ ਉੱਠਿਆ ਸੀ।
‘ਆਪ’ ਦਾ ਹੁਕਮ ਗ਼ੈਰਕਾਨੂੰਨੀ: ਕਾਲਕਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਾਜ਼ਿਸ਼ ਅਧੀਨ ਗੁਰਦੁਆਰਾ ਪ੍ਰਬੰਧਾਂ ਵਿੱਚ ਦਖ਼ਲ ਦੇ ਉਦੇਸ਼ ਨਾਲ ਕੱਢਿਆ ਗਿਆ ਹੁਕਮ ਗ਼ੈਰਕਾਨੂੰਨੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਬਾਲਟੀ ’ਤੇ ਹੀ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜੇਗਾ। ਸ੍ਰੀ ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਸਬੰਧੀ ਕੇਸ ਪਹਿਲਾਂ ਹੀ ਹਾਈ ਕੋਰਟ ਦੇ ਡਬਲ ਬੈਂਚ ਕੋਲ ਚੱਲ ਰਿਹਾ ਹੈ, ਜਿਸ ਵਿੱਚ ਸਰਕਾਰ ਨੇ ਪਹਿਲਾਂ ਹੀ ਮੰਨਿਆ ਸੀ ਕਿ ਉਸ ਦੇ ਹੁਕਮਾਂ ਵਿੱਚ ਕਮੀ ਹੈ।