ਨਵੀਂ ਦਿੱਲੀ, 3 ਦਸੰਬਰ
ਬੰਗਾਲ ਦੀ ਖਾੜੀ ਵਿੱਚ ਬਣਿਆ ਡੂੰਘਾ ਦਬਾਅ ਸਮੁੰਦਰੀ ਤੂਫਾਨ ਦਾ ਰੂਪ ਅਖ਼ਤਿਆਰ ਕਰ ਰਿਹਾ ਹੈ। ਇਸ ਤੂਫਾਨ ਨੂੰ ‘ਜਵਾਦ’ ਦਾ ਨਾਂ ਦਿੱਤਾ ਗਿਆ ਜੋ ਕਿ ਐਤਵਾਰ ਨੂੰ ਉੜੀਸਾ ਵਿੱਚ ਪੁਰੀ ਦੇ ਸਮੁੰਦਰੀ ਤੱਟ ਨਾਲ ਟਕਰਾਏਗਾ। ਮੌਸਮ ਵਿਭਾਗ ਅਨੁਸਾਰ ਇਹ ਤੂਫਾਨ ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰੇਗਾ। ਜਿਨ੍ਹਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਉਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ, ਵਿਜ਼ੀਆਨਗਰਮ ਤੇ ਵਿਸਾਖਾਪਟਨਮ ਜ਼ਿਲ੍ਹੇ ਸ਼ਾਮਲ ਹਨ। ਇਸੇ ਤਰ੍ਹਾਂ ਉੜੀਸਾ ਦੇ ਗਜਾਪਤੀ, ਗੰਜਮ, ਪੁਰੀ, ਨਯਾਗੜ੍ਹ, ਖੁਰਦਾ, ਕਟੱਕ, ਜਗਤਸਿੰਘਪੁਰ ਤੇ ਕੇਂਦਰਾਪਾੜਾ ਜ਼ਿਲ੍ਹਿਆਂ ਨੂੰ ਇਹ ਸਮੁੰਦਰੀ ਤੂਫਾਨ ਪ੍ਰਭਾਵਿਤ ਕਰੇਗਾ। ਇਸ ਤੂਫਾਨ ਨੂੰ ‘ਜਵਾਦ’ ਦਾ ਨਾਂ ਸਾਊਦੀ ਅਰਬ ਵੱਲੋਂ ਦਿੱਤਾ ਗਿਆ ਹੈ। -ਪੀਟੀਆਈ