ਸ੍ਰੀਨਗਰ, 28 ਜੂਨ
ਫੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਕੰਟਰੋਲ ਰੇਖਾ ਨੇੜੇ ਦਹਿਸ਼ਤਗਰਦਾਂ ਦੇ ਦੋ ਸ਼ੱਕੀ ਸਮਰਥਕਾਂ (ਸਰਗਰਮ ਕਾਰਕੁਨਾਂ) ਨੂੰ ਮਾਰ ਮੁਕਾਇਆ ਹੈ। ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਾਜਿਦ ਚੇਚੀ ਅਤੇ ਸ਼ਮਸੂਦੀਨ ਬੇਗ਼ ਵਜੋਂ ਹੋਈ ਹੈ। ਪੁਲੀਸ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਫੌਜ ਤੋਂ ਮਿਲੀ ਸੂਚਨਾ ਮੁਤਾਬਕ ਉਕਤ ਦੋਵੇਂ ਜਣੇ ਦੇਰ ਰਾਤ 12.15 ਵਜੇ ਕੁਪਵਾੜਾ ਦੇ ਕੇਰਨ ਸੈਕਟਰ ਵਿੱਚ ਇੰਡੀਆ ਗੇਟ-ਬਿਚੂ ਇਲਾਕੇ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਲੈਣ ਅਤੇ ਘੁਸਪੈਠ ਵਿੱਚ ਦਹਿਸ਼ਤਗਰਦਾਂ ਦੀ ਮਦਦ ਕਰਨ ਲਈ ਆਏ ਸਨ। ਤਰਜਮਾਨ ਮੁਤਾਬਕ ਮੌਕੇ ਤੋਂ ਲਾਸ਼ਾਂ ਦੇ ਨਾਲ ਹੀ ਚਾਰ ਏਕੇ-47 ਰਾਈਫਲਾਂ, ਅੱਠ ਮੈਗਜ਼ੀਨ ਅਤੇ ਨਸ਼ੀਲੇ ਪਦਾਰਥ ਦੇ ਦੋ ਪੈਕਟ ਮਿਲੇ ਹਨ। -ਪੀਟੀਆਈ