ਜੰਮੂ/ਸ੍ਰੀਨਗਰ, 16 ਅਕਤੂਬਰ
ਜੰਮੂ ਕਸ਼ਮੀਰ ਦੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਅਤਿਵਾਦੀਆਂ ਖ਼ਿਲਾਫ਼ ਚੱਲ ਰਹੀ ਫੌਜੀ ਮੁਹਿੰਮ ਦੇ ਛੇਵੇਂ ਦਿਨ ਅੱਜ ਇੱਕ ਜੇਸੀਓ ਸਮੇਤ ਦੋ ਹੋਰ ਫੌਜੀ ਸ਼ਹੀਦ ਹੋ ਗਏ ਸਨ। ਉੱਧਰ ਸ੍ਰੀਨਗਰ ਤੇ ਪੁਲਵਾਮਾ ਜ਼ਿਲ੍ਹੇ ’ਚ ਅਤਿਵਾਦੀਆਂ ਨੇ ਦੋ ਗ਼ੈਰ-ਕਸ਼ਮੀਰੀ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸੇ ਦੌਰਾਨ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਲਸ਼ਕਰ-ਏ-ਤਇਬਾ ਦੇ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਸਮੇਤ ਦੋ ਅਤਿਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੋ ਹੋਰ ਫੌਜੀ ਸ਼ਹੀਦ ਹੋਣ ਨਾਲ ਅਤਿਵਾਦੀਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਦੋ ਜੂਨੀਅਰ ਕਮਿਸ਼ਨਡ ਅਫਸਰਾਂ ਸਮੇਤ ਕੁੱਲ ਨੌਂ ਜਵਾਨ ਸ਼ਹੀਦ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਮੇਂਧੜ ਦੇ ਜੰਗਲੀ ਇਲਾਕੇ ’ਚ ਅਤਿਵਾਦੀਆਂ ਨਾਲ ਮੁਕਾਬਲੇ ਵਾਲੀ ਥਾਂ ਤੋਂ ਅੱਜ ਜੇਸੀਓ ਤੇ ਇੱਕ ਫੌਜੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਜੇਸੀਓ ਦੀ ਪਛਾਣ ਅਜੈ ਸਿੰਘ ਅਤੇ ਦੂਜੇ ਫੌਜੀ ਦੀ ਪਛਾਣ ਨਾਇਕ ਹਰੇਂਦਰ ਸਿੰਘ ਵਜੋਂ ਹੋਈ ਹੈ ਅਤੇ ਇਹ ਦੋਵੇਂ ਬੀਤੇ ਦਿਨ ਇਸ ਜੰਗਲੀ ਇਲਾਕੇ ’ਚ ਚੱਲ ਰਹੀ ਮੁਹਿੰਮ ਦਾ ਹਿੱਸਾ ਸਨ।
ਉਧਰ ਅਤਿਵਾਦੀਆਂ ਨੇ ਅੱਜ ਸ਼ਾਮ ਸ੍ਰੀਨਗਰ ਦੇ ਈਦਗਾਹ ਇਲਾਕੇ ’ਚ ਬਿਹਾਰ ਦੇ ਬਾਂਕਾ ਇਲਾਕੇ ਦੇ ਰਹਿਣ ਵਾਲੇ ਤੇ ਇੱਥੇ ਫੜ੍ਹੀ ਲਾਉਂਦੇ ਅਰਵਿੰਦ ਕੁਮਾਰ ਸਾਹ (30) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸੇ ਤਰ੍ਹਾਂ ਅਤਿਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ’ਚ ਕਾਰਪੈਂਟਰ ਦਾ ਕੰਮ ਕਰਦੇ ਸਾਗੀਰ ਅਹਿਮਦ ਵਾਸੀ ਉੱਤਰ ਪ੍ਰਦੇਸ਼ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਅਹਿਮਦ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਭਾਜਪਾ ਦੇ ਬੁਲਾਰੇ ਅਲਤਾਫ਼ ਠਾਕੁਰ, ਸਾਬਕਾ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਦੇ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸਜਾਦ ਗ਼ਨੀ ਲੋਨ ਨੇ ਘਟਨਾ ਦੀ ਨਿੰਦਾ ਕੀਤੀ ਹੈ।
ਇਸੇ ਦੌਰਾਨ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਲਸ਼ਕਰ-ਏ-ਤਇਬਾ ਦੇ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਸਮੇਤ ਦੋ ਅਤਿਵਾਦੀ ਮਾਰੇ ਗਏ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਪੋਰ ਮੁਕਾਬਲੇ ’ਚ ਮਾਰੇ ਗਏ ਦੂਜੇ ਅਤਿਵਾਦ ਦੀ ਪਛਾਣ ਨਹੀਂ ਹੋ ਸਕੀ। -ਪੀਟੀਆਈ