ਨਵੀਂ ਦਿੱਲੀ, 23 ਅਕਤੂਬਰ
ਰੂਸ ਦੇ ਦੋ ਬੈਂਕਾਂ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਤੋਂ ਮਨਜ਼ੂਰੀ ਮਿਲਣ ਮਗਰੋਂ ਵਿਸ਼ੇਸ਼ ‘ਵੋਸਟਰੋ ਖ਼ਾਤੇ’ ਖੋਲ੍ਹੇ ਹਨ ਜਿਸ ਨਾਲ ਵਿਦੇਸ਼ ’ਚ ਰੁਪਏ ’ਚ ਕਾਰੋਬਾਰ ਸੰਭਵ ਹੋ ਸਕੇਗਾ। ਰੂਸ ਦੇ ਸਭ ਤੋਂ ਵੱਡੇ ਬੈਂਕ ਸਬੱਰਬੈਂਕ ਅਤੇ ਵੀਟੀਬੀ ਬੈਂਕ ਕਿਸੇ ਹੋਰ ਮੁਲਕ ਦੇ ਅਜਿਹੇ ਪਹਿਲੇ ਬੈਂਕ ਹਨ ਜਿਨ੍ਹਾਂ ਨੂੰ ਰੁਪਏ ’ਚ ਕਾਰੋਬਾਰ ਕਰਨ ਦੀ ਪ੍ਰਵਾਨਗੀ ਮਿਲੀ ਹੈ। ਆਰਬੀਆਈ ਨੇ ਵਿਦੇਸ਼ ’ਚ ਕਾਰੋਬਾਰ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਜੁਲਾਈ ’ਚ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਬੈਂਕਾਂ ਨੇ ਦਿੱਲੀ ’ਚ ਆਪਣੀਆਂ ਬ੍ਰਾਂਚਾਂ ’ਚ ਵਿਸ਼ੇਸ਼ ‘ਵੋਸਟਰੋ ਖ਼ਾਤੇ’ ਖੋਲ੍ਹੇ ਹਨ। ਇਸ ਤੋਂ ਪਹਿਲਾਂ ਆਰਬੀਆਈ ਨੇ ਜਨਤਕ ਖੇਤਰ ਦੇ ਯੂਕੋ ਬੈਂਕ ਨੂੰ ਰੂਸ ਦੇ ਗੈਜ਼ਪ੍ਰੋਮਬੈਂਕ ਨਾਲ ਵਿਸ਼ੇਸ਼ ‘ਵੋਸਟਰੋ ਖ਼ਾਤਾ’ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਅਜਿਹਾ ਖ਼ਾਤਾ ਹੋਣ ਨਾਲ ਭਾਰਤ ਅਤੇ ਰੂਸ ਵਿਚਕਾਰ ਵਪਾਰ ਲਈ ਭੁਗਤਾਨ ਰੁਪਏ ’ਚ ਕਰਨ ਦੀ ਸਹੂਲਤ ਮਿਲੇਗੀ। ਇੰਜ ਭਾਰਤੀ ਕਰੰਸੀ ’ਚ ਸਰਹੱਦ ਪਾਰ ਵਪਾਰ ਕਰਨਾ ਸੰਭਵ ਹੋ ਜਾਵੇਗਾ। ਡਾਲਰ ’ਤੇ ਨਿਰਭਰਤਾ ਘਟਾਉਣ ਲਈ ਆਰਬੀਆਈ ਰੁਪਏ ’ਚ ਵਿਦੇਸ਼ੀ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਪਿਛਲੇ ਮਹੀਨੇ ਆਰਬੀਆਈ ਅਤੇ ਵਿੱਤ ਮੰਤਰਾਲੇ ਨੇ ਬੈਂਕਾਂ ਅਤੇ ਕਾਰੋਬਾਰੀਆਂ ਦੇ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਰੁਪਏ ’ਚ ਦਰਾਮਦ-ਬਰਾਮਦ ਸਬੰਧੀ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਸੀ। -ਪੀਟੀਆਈ