ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਾਰਚ
ਟਿਕਰੀ ਬਾਰਡਰ ’ਤੇ ਅੱਜ ਪੀਪਲਜ਼ ਆਰਟ ਪਟਿਆਲਾ ਦੀ ਟੀਮ ਨੇ ਦੋ ਨਾਟਕ ‘ਛਿਪਣ ਤੋਂ ਪਹਿਲਾਂ’ ਤੇ ‘ਜਿਨ੍ਹਾਂ ਦੀ ਅਣਖ ਜਿਉਂਦੀ ਹੈ’ ਖੇਡੇ। ਇਹ ਨਾਟਕ ਸ਼ਹੀਦ ਭਗਤ ਸਿੰਘ ਦੇ ਜੀਵਨ ਉੱਪਰ ਆਧਾਰਿਤ ਸਨ ਜਿਨ੍ਹਾਂ ਵਿੱਚ ਭਗਤ ਸਿੰਘ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਪ੍ਰਮੁੱਖਤਾ ਨਾਲ ਮੌਜੂਦਾ ਸਿਆਸੀ, ਸਮਾਜਿਕ ਤੇ ਆਰਥਿਕ ਹਾਲਤਾਂ ਦੇ ਪ੍ਰਸੰਗ ਵਿੱਚ ਬਿਆਨਿਆ ਗਿਆ। ਇਨ੍ਹਾਂ ਨਾਟਕਾਂ ਦੇ ਨਿਰਦੇਸ਼ਕ ਸਤਪਾਲ ਬੰਗਾ ਸਨ ਜਿਨ੍ਹਾਂ ਬੀਤੇ ਦਿਨ ਤੋਂ ਨਾਟਕਾਂ ਦੀ ਤਿਆਰੀ ਸ਼ੁਰੂ ਕੀਤੀ ਹੋਈ ਸੀ। ਇਨ੍ਹਾਂ ਨਾਟਕਾਂ ਨੂੰ ਦੇਖਣ ਲਈ ਮੋਰਚੇ ਵਿੱਚ ਸ਼ਾਮਲ ਔਰਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਕੌਮੀ ਪੱਧਰ ਉਪਰ ਚੱਲ ਰਹੇ ਕਿਸਾਨ ਧਰਨਿਆਂ ’ਤੇ ਵੱਖ-ਵੱਖ ਰਾਜਾਂ ਵਿੱਚ ਮਨਾਇਆ ਜਾਵੇਗਾ।