ਵਡੋਦਰਾ: ਗੁਜਰਾਤ ਦੇ ਵਡੋਦਰਾ ਸ਼ਹਿਰ ’ਚ ਆਤਿਸ਼ਬਾਜ਼ੀ ਨੂੰ ਲੈ ਕੇ ਦੋ ਭਾਈਚਾਰੇ ਆਪਸ ’ਚ ਭਿੜ ਗਏ ਜਿਸ ਮਗਰੋਂ ਪੁਲੀਸ ਨੇ ਦੋਵਾਂ ਧਿਰਾਂ ਦੇ 19 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਪਾਨੀਗੇਟ ਇਲਾਕੇ ’ਚ ਦੇਰ ਰਾਤ ਕਰੀਬ 12.45 ਵਜੇ ਦੀ ਹੈ। ਵਡੋਦਰਾ ਦੇ ਡੀਸੀਪੀ ਯਸ਼ਪਾਲ ਜਗਨੀਆ ਨੇ ਦੱਸਿਆ ਕਿ ਹਿਰਾਸਤ ’ਚ ਲਏ ਗਏ ਲੋਕਾਂ ’ਚ ਇੱਕ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੇ ਕਥਿਤ ਤੌਰ ’ਤੇ ਝੜਪ ਸ਼ੁਰੂ ਹੋਣ ਤੋਂ ਤਕਰੀਬਨ ਇੱਕ ਘੰਟੇ ਬਾਅਦ ਇੱਕ ਘਰ ਦੀ ਤੀਜੀ ਮੰਜ਼ਿਲ ਤੋਂ ਪੁਲੀਸ ’ਤੇ ਬੰਬ ਸੁੱਟਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਇੱਕ ਰੌਕੇਟ ਡਿੱਗਣ ਕਾਰਨ ਇਲਾਕੇ ’ਚ ਖੜ੍ਹੇ ਇੱਕ ਮੋਟਰਸਾਈਕਲ ਨੂੰ ਅੱਗ ਲੱਗ ਗਈ ਸੀ। -ਪੀਟੀਆਈ