ਸ੍ਰੀਨਗਰ, 31 ਅਕਤੂਬਰ
ਜੰਮੂ ਕਸ਼ਮੀਰ ਵਿਚ ਅਤਿਵਾਦੀ ਸਾਜ਼ਿਸ਼ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ ਵਿਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਨ੍ਹਾਂ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਦੇ ਸਬੰਧ ਵਿਚ ਕਰੀਬ ਤਿੰਨ ਹਫ਼ਤਿਆਂ ਦੌਰਾਨ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁਣ ਤੱਕ 25 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਾਂਚ ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਐੱਨਆਈਏ ਵੱਲੋਂ ਵੱਖ-ਵੱਖ ਥਾਈਂ ਮਾਰੇ ਗਏ ਛਾਪਿਆਂ ਦੌਰਾਨ ਸ੍ਰੀਨਗਰ ’ਚੋਂ ਇਸ਼ਫਾਕ ਅਹਿਮਦ ਵਾਨੀ ਅਤੇ ਬਾਰਾਮੂਲਾ ਜ਼ਿਲ੍ਹੇ ਵਿਚ ਪੈਂਦੇ ਸੋਪੋਰ ’ਚੋਂ ਉਮਰ ਭੱਟ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ, ‘‘ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਇਹ ਵਿਅਕਤੀ ਵੱਖ-ਵੱਖ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਦੇ ਸਰਗਰਮ ਮੈਂਬਰ ਹਨ ਅਤੇ ਇਹ ਲੋਕ ਅਤਿਵਾਦੀਆਂ ਨੂੰ ਸਾਮਾਨ ਆਦਿ ਮੁਹੱਈਆ ਕਰਵਾਉਣ ਵਿਚ ਮਦਦ ਕਰਦੇ ਆ ਰਹੇ ਹਨ।’’ -ਪੀਟੀਆਈ