ਪੁੱਡੂਚੇਰੀ, 21 ਫਰਵਰੀ
ਪੁੱਡੂਚੇਰੀ ’ਚ ਕਾਂਗਰਸ-ਡੀਐੱਮਕੇ ਗੱਠਜੋੜ ਸਰਕਾਰ ਸੰਕਟ ’ਚ ਘਿਰ ਗਈ ਹੈ। ਗੱਠਜੋੜ ਦੇ ਦੋ ਹੋਰ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਅਸਤੀਫ਼ੇ ਦੇ ਦਿੱਤੇ ਹਨ। ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਭਲਕੇ ਵਿਧਾਨ ਸਭਾ ’ਚ ਬਹੁਮੱਤ ਸਾਬਿਤ ਕਰਨਾ ਹੈ ਅਤੇ ਉਸ ਤੋਂ ਪਹਿਲਾਂ ਸਰਕਾਰ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਵਿਧਾਇਕ ਕੇ ਲਕਸ਼ਮੀ ਨਾਰਾਇਣਨ ਅਤੇ ਡੀਐੱਮਕੇ ਵਿਧਾਇਕ ਵੈਂਕਟੇਸ਼ਨ ਵੱਲੋਂ ਅਸਤੀਫ਼ੇ ਦਿੱਤੇ ਜਾਣ ਮਗਰੋਂ ਹੁਕਮਰਾਨ ਗੱਠਜੋੜ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 11 ਰਹਿ ਗਈ ਹੈ ਜਦਕਿ 33 ਮੈਂਬਰੀ ਵਿਧਾਨ ਸਭਾ ’ਚ ਵਿਰੋਧੀ ਧਿਰ ਕੋਲ 14 ਵਿਧਾਇਕ ਹਨ ਅਤੇ ਸੱਤ ਸੀਟਾਂ ਖਾਲੀ ਹਨ। ਲਕਸ਼ਮੀ ਨਾਰਾਇਣਨ ਅਤੇ ਵੈਂਕਟੇਸ਼ਨ ਨੇ ਵਿਧਾਨ ਸਭਾ ਸਪੀਕਰ ਵੀ ਪੀ ਸਿਵਾਕੋਲੁੰਧੂ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਆਪਣੇ ਅਸਤੀਫ਼ੇ ਸੌਂਪੇ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਕਸ਼ਮੀ ਨਾਰਾਇਣਨ ਨੇ ਕਿਹਾ ਕਿ ਨਾਰਾਇਣਸਾਮੀ ਦੀ ਅਗਵਾਈ ਹੇਠਲੀ ਸਰਕਾਰ ਕੋਲ ਬਹੁਮੱਤ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਚੁੱਕੇ ਹਨ। ਬਾਅਦ ’ਚ ਵੈਂਕਟੇਸ਼ਨ ਨੇ ਕਿਹਾ ਕਿ ਉਨ੍ਹਾਂ ਵਿਧਾਇਕੀ ਤੋਂ ਭਾਵੇਂ ਅਸਤੀਫ਼ਾ ਦੇ ਦਿੱਤਾ ਹੈ ਪਰ ਉਹ ਡੀਐੱਮਕੇ ’ਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ’ਚ ਉਹ ਨਾਕਾਮ ਰਹੇ ਕਿਉਂਕਿ ਐੱਮਐੱਲਏ ਸਥਾਨਕ ਏਰੀਆ ਵਿਕਾਸ ਫੰਡ ਤਹਿਤ ਉਨ੍ਹਾਂ ਨੂੰ ਕੋਈ ਫੰਡ ਨਹੀਂ ਮਿਲੇ ਹਨ। -ਪੀਟੀਆਈ