ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਦਿੱਲੀ ਪੁਲੀਸ ਨੇ ਹਨੂੰਮਾਨ ਜੈਅੰਤੀ ਮੌਕੇ ਉੱਤਰੀ-ਪੂਰਬੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ 16 ਅਪਰੈਲ ਨੂੰ ਹੋਈ ਹਿੰਸਾ ਸਬੰਧੀ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਯੂਨਸ (48) ਅਤੇ ਸ਼ੇਖ ਸਲੀਮ (22) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਯੂਨਸ ਇਸ ਮਾਮਲੇ ਸਬੰਧੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਸਲੀਮ ਚਿਕਨਾ ਦਾ ਭਰਾ ਹੈ। ਪੁਲੀਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਜਹਾਂਗੀਪੁਰੀ ਦੇ ਰਹਿਣ ਵਾਲੇ ਹਨ। ਦੋਵਾਂ ਦੀ ਗ੍ਰਿਫ਼ਤਾਰੀ ਦੇ ਨਾਲ ਪੁਲੀਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਨਾਬਾਲਗਾਂ ਸਮੇਤ ਕੁੱਲ 32 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ-ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਯੂਨਸ ਭੀੜ ਨੂੰ ਤਲਵਾਰਾਂ ਵੰਡ ਰਿਹਾ ਸੀ, ਜਦੋਂਕਿ ਸਲੀਮ ਨੂੰ ਯੂਨਸ ਤੋਂ ਤਲਵਾਰਾਂ ਲੈਂਦੇ ਹੋਏ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਟੀਮ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਕੀਤੀ ਹੈ। ਦੋਵੇਂ ਹਿੰਸਾ ਤੋਂ ਤੁਰੰਤ ਬਾਅਦ ਫਰਾਰ ਹੋ ਗਏ ਸਨ ਪਰ ਬੀਤੀ ਰਾਤ ਜਹਾਂਗੀਰਪੁਰੀ ਇਲਾਕੇ ਤੋਂ ਫੜੇ ਗਏ ਸਨ। ਪੁਲੀਸ ਨੇ ਦੱਸਿਆ ਕਿ ਯੂਨਸ ਖ਼ਿਲਾਫ਼ ਅਪਰਾਧਿਕ ਮਾਮਲਾ ਵੀ ਦਰਜ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਵਾਲੇ ਦਿਨ ਸਬੰਧੀ ਡਿਜੀਟਲ ਸਬੂਤਾਂ ਦੇ ਆਧਾਰ ’ਤੇ ਪੁਲੀਸ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਜਹਾਂਗੀਰਪੁਰੀ ਇਲਾਕੇ ਵਿੱਚ ਹਨੂੰਮਾਨ ਜੈਅੰਤੀ ਦੇ ਜਲੂਸ ਦੌਰਾਨ ਝੜਪਾਂ ਹੋਈਆਂ, ਜਿਨ੍ਹਾਂ ਵਿੱਚ ਅੱਠ ਪੁਲੀਸ ਕਰਮਚਾਰੀ ਅਤੇ ਇੱਕ ਸਥਾਨਕ ਵਾਸੀ ਜ਼ਖਮੀ ਹੋ ਗਿਆ।