ਸ੍ਰੀਨਗਰ/ਜੰਮੂ, 27 ਜੂਨ
ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਦੋ ਅਤਿਵਾਦੀ ਮਾਰੇ ਗਏ। ਇਸੇ ਦੌਰਾਨ ਜੰਮੂ ’ਚ ਕੌਮਾਂਤਰੀ ਸਰਹੱਦ ਨੇੜੇ ਬੀਐੱਸਐੱਫ ਨੇ ਇਕ ਪਾਕਿਸਤਾਨੀ ਘੁਸਪੈਠੀਆ ਮਾਰ ਮੁਕਾਇਆ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਦੀ ਜ਼ਿਲ੍ਹੇ ਦੇ ਤਰੁਬਜੀ ਦੇ ਨੌਪੋਰਾ-ਖੇਰਪੋਰਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਉਸ ਸਮੇਂ ਮੁਕਾਬਲੇ ’ਚ ਬਦਲ ਗਈ ਜਦੋਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀ ਚਲਾ ਦਿੱਤੀ।
ਦੂਜੇ ਪਾਸੇ ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਇਲਾਕੇ ’ਚ ਮੌਜੂਦ ਜਵਾਨਾਂ ਨੇ ਭਾਰਤ ਵੱਲ ਵਧ ਰਹੇ ਘੁਸਪੈਠੀਏ ਨੂੰ ਲਲਕਾਰਿਆ। ਉਹ ਜਦੋਂ ਨਾ ਰੁਕਿਆ ਤਾਂ ਬੀਐੱਸਐੱਫ ਦੇ ਜਵਾਨਾਂ ਨੇ ਘੁਸਪੈਠੀਏ ’ਤੇ ਤਿੰਨ ਰਾਊਂਡ ਗੋਲੀ ਚਲਾਈ ਤੇ ਉਸ ਦੀ ਲਾਸ਼ ਤਾਰ ਦੇ ਨੇੜੇ ਪਈ ਮਿਲੀ। ਲਾਸ਼ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ। -ਪੀਟੀਆਈ