ਸ੍ਰੀਨਗਰ, 28 ਅਪਰੈਲ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਰਾਤ ਭਰ ਚੱਲੇ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ। ਇਹ ਜਾਣਕਾਰੀ ਅੱਜ ਇੱਥੇ ਪੁਲੀਸ ਦੇ ਇੱਕ ਅਧਿਕਾਰੀ ਨੇ ਦਿੰਦਿਆਂ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਬਾਰੇ ਸੂਹ ਮਿਲਣ ’ਤੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਵਿੱਢੀ ਗਈ ਸੀ। ਇਸੇ ਦੌਰਾਨ ਉੱਥੇ ਲੁਕੇ ਅਤਿਵਾਦੀਆਂ ਨੇ ਫ਼ੌਜ ਦੇ ਜਵਾਨਾਂ ’ਤੇ ਗੋਲੀਆਂ ਚਲਾਈਆਂ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਵੀ ਜੁਆਬੀ ਕਾਰਵਾਈ ਕੀਤੀ। ਅਧਿਕਾਰੀ ਨੇ ਦੱਸਿਆ ਕਿ ਆਮ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਕੁੱਝ ਸਮੇਂ ਲਈ ਇਹ ਮੁਹਿੰਮ ਰੋਕ ਦਿੱਤੀ ਗਈ। ਇਸ ਮਗਰੋਂ ਮੁੜ ਸ਼ੁਰੂ ਹੋਏ ਮੁਕਾਬਲੇ ਦੌਰਾਨ ਬੁੱਧਵਾਰ ਰਾਤ ਇੱਕ ਅਤਿਵਾਦੀ ਮਾਰਿਆ ਗਿਆ, ਜਦਕਿ ਇੱਕ ਜਵਾਨ ਵੀ ਜ਼ਖ਼ਮੀ ਹੋਇਆ। ਅਧਿਕਾਰੀ ਅਨੁਸਾਰ ਰਾਤ ਭਰ ਚੱਲੇ ਮੁਕਾਬਲੇ ਦੌਰਾਨ ਇੱਕ ਹੋਰ ਅਤਿਵਾਦੀ ਮਾਰਿਆ ਗਿਆ। ਉਧਰ ਪੁਲੀਸ ਨੇ ਜੰਮੂ ਦੇ ਬਾਹਰਵਾਰ ਹਾਈਵੇਅ ’ਤੇ ਮਿਲੀ ਬਾਰੂਦੀ ਸੁਰੰਗ ਨੂੰ ਨਕਾਰਾ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਧਰਾ ਇਲਾਕੇ ਵਿੱਚ ਬਾਰੂਦੀ ਸੁਰੰਗ ਵਿਛੀ ਹੋਣ ਬਾਰੇ ਜਾਣਕਾਰੀ ਮਿਲੀ ਸੀ। ਪੁਲੀਸ ਨੇ ਇਲਾਕੇ ਨੂੰ ਘੇਰਾ ਪਾ ਕੇ ਬੰਬ ਨਕਾਰਾ ਦਸਤੇ ਦੀ ਮਦਦ ਨਾਲ ਇਸ ਨੂੰ ਨਸ਼ਟ ਕਰ ਦਿੱਤਾ। -ਪੀਟੀਆਈ