ਸ੍ਰੀਨਗਰ, 19 ਜੂਨ
ਜੰਮੂ ਕਸ਼ਮੀਰ ਦੇ ਕੁਪਵਾੜਾ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲਿਆਂ ਵਿੱਚ ਚਾਰ ਅਤਿਵਾਦੀ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਕੁਪਵਾੜਾ ਵਿੱਚ ਮਾਰੇ ਗਏ ਅਤਿਵਾਦੀਆਂ ਵਿੱਚੋਂ ਇੱਕ ਪਾਕਿਸਤਾਨੀ ਨਾਗਰਿਕ ਹੈ, ਜੋ ਲਸ਼ਕਰ-ਏ-ਤਇਬਾ ਨਾਲ ਜੁੜਿਆ ਹੋਇਆ ਸੀ, ਜਦੋਂਕਿ ਦੂਜੇ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਅਤਿਵਾਦੀ ਸ਼ੋਕੇਤ ਅਹਿਮਦ ਸ਼ੇਖ ਦੀ ਨਿਸ਼ਾਨਦੇਹੀ ’ਤੇ ਕੁਪਵਾੜਾ ਜ਼ਿਲੇ ਦੇ ਲੋਲਬ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਪੁਲੀਸ ਨੇ ਦੱਸਿਆ ਕਿ ਦੂਜਾ ਮੁਕਾਬਲਾ ਕੁਲਗਾਮ ਦੇ ਦਮਹਲ ਹਾਂਜੀ ਪੋਰਾ ਖੇਤਰ ਵਿੱਚ ਹੋਇਆ। ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਟਵੀਟ ਕੀਤਾ ਕਿ ਕੁਲਗਾਮ ਵਿੱਚ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਹਰੀਸ ਸ਼ਰੀਫ਼ ਵਾਸੀ ਸ੍ਰੀਨਗਰ ਅਤੇ ਜ਼ਾਕਿਰ ਪੈਡਰ ਵਾਸੀ ਕੁਲਗਾਮ ਵਜੋਂ ਹੋਈ ਹੈ। ਇਹ ਦੋਵੇਂ ਕ੍ਰਮਵਾਰ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ।