ਨੋਇਡਾ, 20 ਜੂਨ
ਨੋਇਡਾ ਪੁਲੀਸ ਨੇ ਆਨਲਾਈਨ ਬੁਕਿੰਗ ਕਰ ਕੇ ਦੇਹ ਵਪਾਰ ਦਾ ਧੰਦਾ ਤੇ ਕੁੜੀਆਂ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦਾ ਇੱਕ ਸਾਥੀ ਫ਼ਰਾਰ ਹੋ ਗਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਨੋਇਡਾ ਪੁਲੀਸ ਦੀ ਮਨੁੱਖੀ ਤਸਕਰੀ ਰੋਕੂ ਇਕਾਈ (ਏਐੱਚਟੀਯੂ) ਨੇ ਇੱਕ ਗੈਸਟ ਹਾਊਸ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇੱਕ ਕਾਰ, ਤਿੰਨ ਮੋਬਾਈਲ ਤੇ 24,930 ਰੁਪਏ ਨਕਦੀ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਦੱਸਿਆ ਕਿ ਉਹ ਵ੍ਹਟਸਐਪ ਰਾਹੀਂ ਲੋਕਾਂ ਨਾਲ ਸੰਪਰਕ ਕਰਦੇ ਸਨ ਤੇ ਸੌਦਾ ਹੋਣ ’ਤੇ ਕੁੜੀਆਂ ਨੂੰ ਹੋਟਲਾਂ, ਘਰਾਂ, ਫਲੈਟਾਂ ਆਦਿ ਵਿੱਚ ਗਾਹਕਾਂ ਕੋਲ ਭੇਜਦੇ ਸਨ। ਉਹ 5000 ਤੋਂ 20 ਹਜ਼ਾਰ ਵਿੱਚ ਸੌਦਾ ਕਰਦੇ ਸਨ ਤੇ ਇਸ ਪੈਸੇ ਵਿੱਚੋਂ ਕੁੜੀਆਂ ਨੂੰ ਉਨ੍ਹਾਂ ਦਾ ਹਿੱਸਾ ਦਿੰਦੇ ਸਨ। ਡੀਸੀਪੀ ਵਰਿੰਦਾ ਸ਼ੁਕਲਾ ਨੇ ਦੱਸਿਆ ਕਿ ਪੁਲੀਸ ਨੇ ਦੋ ਕੁੜੀਆਂ ਨੂੰ ਫੜਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -ਆਈਏਐੱਨਐੱਸ