ਹਿਸਾਰ, 9 ਅਕਤੂਬਰ
ਮ੍ਰਿਤਕ ਅਦਾਕਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਅਜਿਹੇ ਪੱਤਰ ਮਿਲੇ ਹਨ ਜਿਨ੍ਹਾਂ ’ਤੇ ਭੇਜਣ ਵਾਲੇ ਦਾ ਨਾਮ-ਪਤਾ ਨਹੀਂ ਹੈ। ਸੋਨਾਲੀ ਦੇ ਰਿਸ਼ਤੇਦਾਰ ਅਮਨ ਪੂਨੀਆ ਨੇ ਕਿਹਾ ਹੈ ਕਿ ਦੋਵੇਂ ਪੱਤਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿੱਚ ਮਾਮਲੇ ਸਬੰਧੀ ਅਹਿਮ ਜਾਣਕਾਰੀ ਹੈ।
ਪਹਿਲੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਤਲ ਕੇਸ ਵਿੱਚ 10 ਕਰੋੜ ਰੁਪਏ ਦਾ ਸੌਦਾ ਹੋਇਆ ਸੀ। ਦੂਜੇ ਪੱਤਰ ਵਿੱਚ ਸਿਆਸੀ ਆਗੂਆਂ ਦੇ ਨਾਂ ਵੀ ਲਿਖੇ ਗਏ ਹਨ। ਅਮਨ ਨੇ ਅੱਗੇ ਦੱਸਿਆ ਕਿ ਇੱਕ ਪੱਤਰ ਮਹੀਨਾ ਪਹਿਲਾਂ ਮਿਲਿਆ ਸੀ, ਜਦਕਿ ਦੂਜਾ ਕੁਝ ਦਿਨਾਂ ਬਾਅਦ ਮਿਲਿਆ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਸੋਨਾਲੀ ਦੀ ਭੈਣ ਰੂਕੇਸ਼ ਆਦਮਪੁਰ ਵਿਧਾਨ ਸਭਾ ਤੋਂ ਚੋਣ ਲੜੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਪਰਿਵਾਰ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ, ‘ਅਸੀਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਿੱਚ ਹਾਂ। ਅਸੀਂ ਇਸ ਬਾਰੇ ਲੋਕਾਂ ਨਾਲ ਚਰਚਾ ਕਰਾਂਗੇ ਅਤੇ ਫਿਰ ਅਗਲਾ ਫੈਸਲਾ ਕਰਾਂਗੇ।’ ਇਸ ਤੋਂ ਪਹਿਲਾਂ ਸੋਨਾਲੀ ਫੋਗਾਟ ਦੇ ਭਰਾ ਨੇ ਭਾਜਪਾ ਨੇਤਾ ‘ਤੇ ਆਪਣੀ ਭੈਣ ਦੀ ਹੱਤਿਆ ਦਾ ਦੋਸ਼ ਲਗਾਇਆ ਸੀ। ਇਹ ਖੁਲਾਸਾ ਰਿੰਕੂ ਨੇ ਹਿਸਾਰ ‘ਚ ਹੋਈ ਸਰਵ ਖਾਪ ਮਹਾਪੰਚਾਇਤ ‘ਚ ਕੀਤਾ ਸੀ। ਖਾਪ ਦੇ ਬੁਲਾਰੇ ਸੰਦੀਪ ਭਾਰਤੀ ਨੇ ਕਿਹਾ ਕਿ ਸੋਨਾਲੀ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਤੋਂ ਬਾਅਦ ਸਰਵ ਖਾਪ ਮਹਾਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਕੁਲਦੀਪ ਬਿਸ਼ਨੋਈ ਨੂੰ ਮਹਾਪੰਚਾਇਤ ਦੇ ਸਾਹਮਣੇ ਆਪਣਾ ਪੱਖ ਦੱਸਣਾ ਚਾਹੀਦਾ ਹੈ।