ਸ੍ਰੀਨਗਰ, 15 ਜੂਨ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਲਸ਼ਕਰ-ਏ-ਤਇਬਾ ਦੇ ਦੋ ਅਤਿਵਾਦੀ ਮਾਰੇ ਗਏ ਹਨ। ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਇਹ ਮੁਕਾਬਲਾ ਸ਼ੋਪੀਆਂ ਦੇ ਕਾਂਜੀਉਲਾਰ ਖੇਤਰ ਵਿਚ ਹੋਇਆ। ਇਸ ਤੋਂ ਪਹਿਲਾਂ ਇਸ ਇਲਾਕੇ ਵਿਚ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਸੀ ਤੇ ਪੂਰੇ ਇਲਾਕੇ ਨੂੰ ਘੇਰਾ ਪਾਇਆ ਗਿਆ ਸੀ। ਕਸ਼ਮੀਰ ਜ਼ੋਨ ਦੇ ਆਈਜੀ ਵਿਜੇ ਕੁਮਾਰ ਨੇ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਵਿਚੋਂ ਇਕ ਦੀ ਸ਼ਨਾਖ਼ਤ ਜਾਨ ਮੁਹੰਮਦ ਲੋਨ ਵਜੋਂ ਹੋਈ ਹੈ। ਹਾਲ ਹੀ ਵਿਚ ਕੁਲਗਾਮ ਨੇੜੇ ਹੋਈ ਬੈਂਕ ਮੈਨੇਜਰ ਦੀ ਹੱਤਿਆ ਵਿਚ ਉਸ ਦੀ ਕਥਿਤ ਸ਼ਮੂਲੀਅਤ ਸੀ। ਇਸੇ ਦੌਰਾਨ ਜੰਮੂ ਕਸ਼ਮੀਰ ਪੁਲੀਸ ਨੇ ਜੰਮੂ ਸ਼ਹਿਰ ਦੇ ਬਾਹਰਵਾਰ ਇਕ ਬੱਸ ਵਿਚੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਵੇਰਵਿਆਂ ਮੁਤਾਬਕ ਬੱਸ ਵਿਚ ਯਾਤਰੀ ਸਵਾਰ ਸਨ ਤੇ ‘ਬਾਰੂਦੀ ਛੜਾਂ’ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਦੇ ਬੁਲਾਰੇ ਮੁਤਾਬਕ ਧਮਾਕਾਖ਼ੇਜ਼ ਸਮੱਗਰੀ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਜੱਜਰ ਕੋਟਲੀ ਨੇੜੇ ਲਾਏ ਨਾਕੇ ’ਤੇ ਰੁਟੀਨ ਤਲਾਸ਼ੀ ਦੌਰਾਨ ਮਿਲੀ ਹੈ। ਉਨ੍ਹਾਂ ਕਿਹਾ ਕਿ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਮੌਕੇ ਉਤੇ ਸੱਦਿਆ ਗਿਆ ਤੇ ਸਮੱਗਰੀ ਨੂੰ ਖ਼ਾਸ ਪ੍ਰਕਿਰਿਆ ਦਾ ਪਾਲਣ ਕਰ ਕੇ ਨਕਾਰਾ ਕੀਤਾ ਗਿਆ। ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸ ਡੋਡਾ ਤੋਂ ਜੰਮੂ ਆ ਰਹੀ ਸੀ ਤੇ ਇਸ ਨੂੰ ਪੁਲੀਸ ਟੀਮ ਨੇ ਤਲਾਸ਼ੀ ਲਈ ਰੋਕਿਆ ਸੀ। ਇਸ ਮਾਮਲੇ ਵਿਚ ਹੁਣ ਤੱਕ ਦੋ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ ਹੈ। -ਪੀਟੀਆਈ