ਸ੍ਰੀਨਗਰ, 29 ਜੂਨ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤਇਬਾ ਦੇ ਦੋ ਅਤਿਵਾਦੀ ਮਾਰੇ ਗਏ। ਇਹ ਅਤਿਵਾਦੀ ਅਮਰਨਾਥ ਯਾਤਰਾ ਦੇ ਰੂਟ ਵਾਲੇ ਸਥਾਨ ਦੇ ਐਨ ਨੇੜੇ ਸਨ ਅਤੇ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਮੀਰ ਬਾਜ਼ਾਰ ਇਲਾਕੇ ’ਚ ਨਵਾਪੋਰਾ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਸੀ। ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਮੁਕਾਬਲੇ ’ਚ ਦੋਵੇਂ ਅਤਿਵਾਦੀ ਮਾਰੇ ਗਏ। ਕਸ਼ਮੀਰ ਜ਼ੋਨ ਦੇ ਆਈਜੀ ਵਿਜੈ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਦੋਵੇਂ ਅਤਿਵਾਦੀ ਲਸ਼ਕਰ-ਏ-ਤਇਬਾ ਨਾਲ ਜੁੜੇ ਹੋਏ ਸਨ ਅਤੇ ਸਥਾਨਕ ਸਨ। ਅਧਿਕਾਰੀ ਨੇ ਕਿਹਾ ਕਿ ਦੋਵੇਂ ਅਤਿਵਾਦੀਆਂ ਦੀ ਪਛਾਣ ਯਾਸਿਰ ਵਾਨੀ ਅਤੇ ਰਈਸ ਮਨਜ਼ੂਰ ਵਜੋਂ ਹੋਈ ਹੈ। ਯਾਸਿਰ 2020 ’ਚ ਸਰਗਰਮ ਹੋਇਆ ਸੀ ਅਤੇ ਉਹ ਹਿੰਸਾ ਦੇ ਕਈ ਕੇਸਾਂ ’ਚ ਸ਼ਾਮਲ ਸੀ ਜਦਕਿ ਰਈਸ ਦੋ ਮਹੀਨੇ ਪਹਿਲਾਂ ਹੀ ਅਤਿਵਾਦੀਆਂ ਨਾਲ ਰਲਿਆ ਸੀ। -ਪੀਟੀਆਈ
ਬਾਂਦੀਪੋਰਾ ’ਚੋਂ ਲਸ਼ਕਰ ਦਾ ਅਤਿਵਾਦੀ ਗ੍ਰਿਫ਼ਤਾਰ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਜ ਲਸ਼ਕਰ-ਏ-ਤਇਬਾ ਦਾ ਅਤਿਵਾਦੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਹਬਿੂਬ ਉਲ ਇਨਾਮ ਵਾਸੀ ਨਦਿਹਾਲ ਵਜੋਂ ਹੋਈ ਹੈ। ਉਨ੍ਹਾਂ ਕਿਹਾ, ‘‘ਪੁਲੀਸ ਅਤੇ ਸੁਰੱਖਿਆ ਬਲਾਂ ਨੇ ਬਾਂਦੀਪੋਰਾ ਨੇੜੇ ਲਾਏ ਗਏ ਨਾਕੇ ’ਤੇ ਇਹ ਗ੍ਰਿਫ਼ਤਾਰੀ ਕੀਤੀ।’’ ਇਸ ਮਗਰੋਂ ਉਸ ਵੱਲੋਂ ਕੀਤੇ ਗਏ ਖੁਲਾਸੇ ਦੇ ਆਧਾਰ ’ਤੇ ਤਿੰਨ ਏਕੇ ਰਾਈਫਲਾਂ, 10 ਮੈਗਜ਼ੀਨ, 380 ਕਾਰਤੂਸ, ਦੋ ਕਿਲੋ ਧਮਾਕਾਖੇਜ਼ ਸਮੱਗਰੀ ਅਤੇ ਚੀਨੀ ਗ੍ਰਨੇਡ ਸਮੇਤ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। -ਪੀਟੀਆਈ