ਨਵੀਂ ਦਿੱਲੀ: 22ਵੇਂ ਬੁਸਾਨ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਕੰਨੜ ਫਿਲਮ ‘ਸ਼ਿਵੰਮਾ’ ਅਤੇ ਅਦਾਕਾਰ ਤੇ ਨਿਰਦੇਸ਼ਕ ਆਮਿਰ ਬਸ਼ੀਰ ਦੀ ‘ਦਿ ਵਿੰਟਰ ਵਿਦਿਨ’ ਨੇ ਐਵਾਰਡ ਹਾਸਲ ਕੀਤੇ ਹਨ। ਪਹਿਲੀ ਵਾਰ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਆਏ ਜੈਸ਼ੰਕਰ ਆਰੀਆ ਵੱਲੋਂ ਨਿਰਦੇਸ਼ਿਤ ਫਿਲਮ ‘ਸ਼ਿਵੰਮਾ’ ਨੂੰ ਕੋਰੀਅਨ ਫਿਲਮ ‘ਏ ਵਾਈਲਡ ਰੂਮਰ’ ਨਾਲ ਸਾਂਝੇ ਤੌਰ ’ਤੇ ਨਿਊ ਕਰੰਟਸ ਐਵਾਰਡ ਹਾਸਲ ਹੋਇਆ ਹੈ। ਦੂਜੇ ਪਾਸੇ ਬਸ਼ੀਰ ਦੀ ‘ਦਿ ਵਿੰਟਰ ਵਿਦਿਨ’ ਨੂੰ ਫੈਸਟੀਵਲ ਦੇ ਸਮਾਪਤੀ ਸਮਾਗਮ ਦੌਰਾਨ ਕੇਬੀ ਨਿਊ ਕਰੰਟਸ ਐਵਾਰਡ ਨਾਲ ਸਨਮਾਨਿਆ ਗਿਆ। ਫਿਲਮ ‘ਸ਼ਿਵੰਮਾ’ ਇੱਕ ਅਧੇੜ ਉਮਰ ਦੀ ਗਰੀਬ ਔਰਤ ਦੀ ਕਹਾਣੀ ਹੈ, ਜੋ ਇਕ ਐਨਰਜੀ ਡਰਿੰਕ ਵੇਚਣ ਵਾਲੀ ਕੰਪਨੀ ਲਈ ਕੰਮ ਕਰਦੀ ਹੈ। ਇਸ ਫਿਲਮ ’ਚ ਮੁੱਖ ਕਿਰਦਾਰ ਸ਼ਾਰਾਨੰਮਾ ਚੈੱਟੀ ਤੇ ਚੇਨੰਮਾ ਅੱਬੇਗੇਰੇ ਨੇ ਨਿਭਾਏ ਹਨ। ਫਿਲਮ ਦੇ ਨਿਰਦੇਸ਼ਕ ਰਿਸ਼ਭ ਸ਼ੈੱਟੀ ਹਨ। -ਪੀਟੀਆਈ