ਭੱਦਰਵਾਹ/ਜੰਮੂ, 15 ਜੂਨ
ਜੰਮੂ ਕਸ਼ਮੀਰ ਦੇ ਡੋਡਾ ਦੇ ਭੱਦਰਵਾਹ ਸ਼ਹਿਰ ਵਿੱਚ ਅੱਜ ਕਰਫਿਊ ’ਚ ਦੋ ਘੰਟੇ ਦੀ ਢਿੱਲ ਦਿੱਤੀ ਗਈ ਜਦਕਿ ਨਾਲ ਲੱਗਦੇ ਕਿਸ਼ਤਵਾੜ ਜ਼ਿਲ੍ਹਾ ਹੈੱਡਕੁਆਰਟਰ ’ਚ ਕਰਫਿਊ ਪੂਰੀ ਤਰ੍ਹਾਂ ਹਟਾ ਲਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਪੈਗੰਬਰ ਮੁਹੰਮਦ ਬਾਰੇ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦੀ ਕਥਿਤ ਵਿਵਾਦਤ ਟਿੱਪਣੀ ਕਾਰਨ ਪੈਦਾ ਹੋਏ ਤਣਾਅ ਮਗਰੋਂ 9 ਜੂਨ ਨੂੰ ਭੱਦਰਵਾਹ ਤੇ ਕਿਸ਼ਤਵਾੜ ਸਣੇ ਕਈ ਇਲਾਕਿਆਂ ਵਿੱਚ ਪਾਬੰਦੀ ਦੇ ਹੁਕਮਾਂ ਤਹਿਤ ਕਰਫਿਊ ਅਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ। ਹਾਲਾਂਕਿ, ਡੋਡਾ ਤੇ ਕਿਸ਼ਤਵਾੜ ਦੋਹਾਂ ਜ਼ਿਲ੍ਹਿਆਂ ਵਿੱਚ ਬਰਾਡਬੈਂਡ ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਲਗਾਤਾਰ ਸੱਤਵੇਂ ਦਿਨ ਵੀ ਮੁਅੱਤਲ ਰਹੀਆਂ।
ਭੱਦਰਵਾਹ ਦੇ ਵਧੀਕ ਡਿਪਟੀ ਕਮਿਸ਼ਨਰ ਦਿਲ ਮੀਰ ਚੌਧਰੀ ਨੇ ਦੱਸਿਆ ਕਿ ਭਦਰਵਾਹ ਕਸਬੇ ’ਚ ਬਾਅਦ ਦੁਪਹਿਰ 3.30 ਵਜੇ ਤੋਂ ਸ਼ਾਮ 5.30 ਵਜੇ ਤੱਕ ਦੋ ਘੰਟੇ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ।’’ ਇਸੇ ਦੌਰਾਨ ਕਿਸ਼ਤਵਾੜ ਦੇ ਐੱਸਐੱਸਪੀ ਸ਼ਫਕਤ ਹੁਸੈਨ ਭੱਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਅੱਜ ਕਰਫਿਊ ਹਟਾ ਲਿਆ ਗਿਆ ਹੈ। -ਪੀਟੀਆਈ