ਮੁੱਖ ਅੰਸ਼
- ਮਿਲਟਰੀ ਸਟੇਸ਼ਨ ਦੇ ਬਾਹਰ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਜਾਰੀ
- ਸੁਰੱਖਿਆ ਬਲਾਂ ਦੀ ਚੌਕਸੀ ਤੇ ਸਰਗਰਮ ਪਹੁੰਚ ਸਦਕਾ ਵੱਡਾ ਖ਼ਤਰਾ ਟਲਣ ਦਾ ਦਾਅਵਾ
ਜੰਮੂ: ਜੰਮੂ ਵਿੱਚ ਹਵਾਈ ਸੈਨਾ ਦੇ ਬੇਸ ’ਤੇ ਕੀਤੇ ਡਰੋਨ ਹਮਲੇ ਤੋਂ ਇਕ ਦਿਨ ਮਗਰੋਂ ਭਾਰਤੀ ਫੌਜ ਦੇ ਚੌਕਸ ਜਵਾਨਾਂ ਨੇ ਰਤਨੂਚੱਕ-ਕਾਲੂਚੱਕ ਫੌਜੀ ਖੇਤਰਾਂ ’ਤੇ ਮੰਡਰਾ ਰਹੇ ਦੋ ਡਰੋਨਾਂ ’ਤੇ ਗੋਲੀ ਚਲਾਉਣ ਦਾ ਦਾਅਵਾ ਕੀਤਾ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਪਹਿਲਾ ਡਰੋਨਾ ਐਤਵਾਰ ਰਾਤ ਨੂੰ 11:45 ਵਜੇ ਦੇ ਕਰੀਬ ਤੇ ਦੂਜਾ ਵੱਡੇ ਤੜਕੇ 2:40 ਵਜੇ ਦੇ ਕਰੀਬ ਨਜ਼ਰ ਆਏ ਸਨ। ਤਰਜਮਾਨ ਨੇ ਕਿਹਾ ਕਿ ਸੁਰੱਖਿਆ ਡਿਊਟੀ ’ਤੇ ਤਾਇਨਾਤ ਸੰਤਰੀਆਂ ਨੇ ਡਰੋਨਾਂ ’ਤੇ ਗੋਲੀਆਂ ਦਾਗ਼ੀਆਂ ਤਾਂ ਉਹ ‘ਪਿਛਾਂਹ ਨੂੰ ਉੱਡ ਗਏ।’ ਜੰਮੂ ਅਧਾਰਿਤ ਥਲ ਸੈਨਾ ਦੇ ਪੀਆਰਓ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਘਟਨਾ ਤੋਂ ਫੌਰੀ ਮਗਰੋਂ ਸੁਰੱਖਿਆ ਚੌਕੀਆਂ ਨੂੰ ਚੌਕਸ ਕਰ ਦਿੱਤਾ ਤੇ ਕੁਇਕ ਰਿਐਕਸ਼ਨ ਟੀਮਾਂ ਨੇ ਡਰੋਨਾਂ ’ਤੇ ਫਾਇਰਿੰਗ ਕੀਤੀ। ਤਰਜਮਾਨ ਨੇ ਕਿਹਾ, ਦੋਵੇਂ ਡਰੋਨ ਪਿਛਾਂਹ ਨੂੰ ਉੱਡ ਗਏ। ਸੁਰੱਖਿਆ ਬਲਾਂ ਦੀ ਚੌਕਸੀ ਤੇ ਸਰਗਰਮ ਪਹੁੰਚ ਸਦਕਾ ਵੱਡਾ ਖ਼ਤਰਾ ਟਾਲ ਦਿੱਤਾ ਗਿਆ।’ ਉਨ੍ਹਾਂ ਕਿਹਾ ਕਿ ਸਲਾਮਤੀ ਦਸਤਿਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਤੋਂ ਪਹਿਲਾਂ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਡਿਊਟੀ ’ਤੇ ਤਾਇਨਾਤ ਸੰਤਰੀਆਂ ਨੇ ਡਰੋਨਾਂ ’ਤੇ ਨਿਗ੍ਹਾ ਪੈਂਦਿਆਂ ਹੀ ਫੁਰਤੀ ਨਾਲ ਕੰਮ ਲੈਂਦਿਆਂ ਇਨ੍ਹਾਂ ਨੂੰ ਹੇਠਾਂ ਸੁੱਟ ਲੈਣ ਲਈ ਗੋਲੀਆਂ ਦਾਗੀਆਂ। ਸੂਤਰਾਂ ਮੁਤਾਬਕ ਆਖਰੀ ਖ਼ਬਰਾਂ ਮਿਲਣ ਤੱਕ ਮਿਲਟਰੀ ਸਟੇਸ਼ਨ ਦੇ ਬਾਹਰ ਸਾਰੇ ਖੇਤਰ ਨੂੰ ਫੌਰੀ ਘੇਰਾ ਪਾ ਕੇ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਜਾਰੀ ਸੀ। ਸੂਤਰਾਂ ਨੇ ਕਿਹਾ ਕਿ ਹਾਲ ਦੀ ਘੜੀ ਕੁਝ ਵੀ ਇਤਰਾਜ਼ਯੋਗ ਜਾਂ ਸ਼ੱਕੀ ਨਹੀਂ ਮਿਲਿਆ। -ਪੀਟੀਆਈ