ਤਿਰੂਵਨੰਤਪੁਰਮ, 18 ਸਤੰਬਰ
ਕੇਰਲਾ ਦੇ ਐਰਨਾਕੁਲਮ ਜ਼ਿਲ੍ਹੇ ਦੇ ਅਲੂਵਾ ਸਥਿਤ ਸਰਕਾਰੀ ਹਸਪਤਾਲ ’ਚ ਸਿਹਤ ਵਰਕਰਾਂ ਦੀ ਅਣਗਹਿਲੀ ਸਾਹਮਣੇ ਆਈ ਹੈ। ਹਸਪਤਾਲ ’ਚ 84 ਵਰ੍ਹਿਆਂ ਦੀ ਬਜ਼ੁਰਗ ਮਹਿਲਾ ਨੂੰ ਅੱਧੇ ਘੰਟੇ ਦੇ ਅੰਦਰ ਕਰੋਨਾ ਦੀਆਂ ਦੋ ਵੈਕਸੀਨਾਂ ਲਗਾ ਦਿੱਤੀਆਂ ਗਈਆਂ। ਵੈਕਸੀਨੇਸ਼ਨ ਲਈ ਆਪਣੇ ਪੁੱਤਰ ਨਾਲ ਆਈ ਥੰਦਾਮਾ ਪੱਪੂ ਨੇ ਦੱਸਿਆ,‘‘ਮੈਨੂੰ ਪਹਿਲੀ ਖੁਰਾਕ ਦਿੱਤੀ ਗਈ ਅਤੇ ਮੈਂ ਕਮਰੇ ਤੋਂ ਪਰਤ ਆਈ ਅਤੇ ਜਦੋਂ ਮੈਂ ਬਾਹਰ ਸੀ ਤਾਂ ਮੈਂ ਆਪਣੇ ਪੁੱਤਰ ਨੂੰ ਆਖਿਆ ਕਿ ਮੇਰੀਆਂ ਜੁੱਤੀਆਂ ਰਹਿ ਗਈਆਂ ਹਨ। ਜਦੋਂ ਮੈਂ ਆਪਣੀਆਂ ਜੁੱਤੀਆਂ ਲੈਣ ਲਈ ਗਈ ਤਾਂ ਮਹਿਲਾ ਅਧਿਕਾਰੀ ਨੇ ਜੁੱਤੀਆਂ ਬਾਹਰ ਹੀ ਛੱਡ ਕੇ ਕਮਰੇ ਦੇ ਅੰਦਰ ਆਉਣ ਲਈ ਕਿਹਾ। ਉਸ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਕੁਰਸੀ ’ਤੇ ਬਿਠਾ ਦਿੱਤਾ। ਇੰਨੇ ਨੂੰ ਇਕ ਹੋਰ ਮਹਿਲਾ ਆਈ ਅਤੇ ਮੈਨੂੰ ਦੂਜਾ ਟੀਕਾ ਲਗਾ ਦਿੱਤਾ।’’ ਬਾਅਦ ’ਚ ਜਦੋਂ ਬਜ਼ੁਰਗ ਨੇ ਦੋ ਖੁਰਾਕਾਂ ਲੱਗਣ ਦਾ ਰੌਲਾ ਪਾਇਆ ਤਾਂ ਉਸ ਨੂੰ ਇਕ ਘੰਟਾ ਕਮਰੇ ਅੰਦਰ ਬੈਠਣ ਲਈ ਕਿਹਾ ਗਿਆ। ਜਦੋਂ ਡਾਕਟਰਾਂ ਨੇ ਦੇਖਿਆ ਕਿ ਸਭ ਕੁਝ ਸਹੀ ਹੈ ਤਾਂ ਉਸ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ। ਇਸ ਘਟਨਾ ਮਗਰੋਂ ਸਿਹਤ ਅਧਿਕਾਰੀ ਉਸ ਦੀ ਸਿਹਤ ਬਾਰੇ ਫੋਨ ਕਰਕੇ ਜਾਣਕਾਰੀ ਹਾਸਲ ਕਰਦੇ ਰਹੇ। ਕੁਝ ਮਹੀਨੇ ਪਹਿਲਾਂ ਵੀ ਅਜਿਹੀ ਘਟਨਾ ਅਲਾਪੁਜ਼ਾ ਜ਼ਿਲ੍ਹੇ ’ਚ ਵਾਪਰੀ ਸੀ। -ਆਈਏਐਨਐਸ