ਯਾਦਗੀਰ: ਕਰਨਾਟਕ ਦੇ ਯਾਦਗੀਰ ਜ਼ਿਲ੍ਹੇ ਦੇ ਸ਼ਾਹਪੁਰਾ ਅਧੀਨ ਆਉਂਦਾ ਪਿੰਡ ਹੋਥਪੇਟ ਦੀਵਾਲੀ ਵਾਲੇ ਦਿਨ ਸੋਗ ’ਚ ਡੁੱਬਿਆ ਰਿਹਾ। ਅਧਿਕਾਰੀਆਂ ਮੁਤਾਬਕ ਪਿੰਡ ’ਚ ਗੰਦਾ ਪਾਣੀ ਪੀਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 40 ਹੋਰ ਬਿਮਾਰ ਪੈ ਗਏ। ਇਹ ਘਟਨਾ ਸੋਮਵਾਰ ਦੀ ਹੈ ਅਤੇ ਉਸ ਦਿਨ ਤੋਂ ਲੋਕ ਲਗਾਤਾਰ ਬਿਮਾਰ ਪੈ ਰਹੇ ਹਨ। ਪਿੰਡ ਵਾਸੀਆਂ ’ਚ ਉਲਟੀਆਂ ਅਤੇ ਦਸਤ ਦੇ ਲੱਛਣ ਦੇਖੇ ਗਏ। ਸਥਾਨਕ ਲੋਕਾਂ ਨੂੰ ਖ਼ਦਸ਼ਾ ਹੈ ਕਿ ਪਿੰਡ ’ਚ ਹੈਜ਼ਾ ਫੈਲਿਆ ਹੈ। ਪਿੰਡ ’ਚ ਪੁਰਾਣੇ ਖੂਹ ਦਾ ਪਾਣੀ ਘਰਾਂ ’ਚ ਟੂਟੀਆਂ ਰਾਹੀਂ ਪਹੁੰਚਾਇਆ ਜਾ ਰਿਹਾ ਸੀ ਅਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਖੂਹ ਦਾ ਪਾਣੀ ਗੰਦਾ ਸੀ। -ਆਈਏਐਨਐਸ