ਨਵੀਂ ਦਿੱਲੀ: ਬੈਂਕਾਂ ਦੇ ਤਜਵੀਜ਼ਤ ਨਿੱਜੀਕਰਨ ਦੇ ਵਿਰੋਧ ’ਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਦੋ ਰੋਜ਼ਾ ਦੇਸ਼ਿਵਆਪੀ ਹੜਤਾਲ ਕਾਰਨ ਭਲਕੇ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਭਰ ’ਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹੜਤਾਲ ਕਾਰਨ ਪੈਸੇ ਜਮ੍ਹਾਂ ਤੇ ਕਢਵਾਉਣ, ਚੈੱਕ ਪਾਸ ਕਰਵਾਉਣ ਅਤੇ ਲੋਨ ਦੀ ਮਨਜ਼ੂਰੀ ਜਿਹੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਨੌਂ ਯੂਨੀਅਨਾਂ ਦੇ ਸਾਂਝੇ ਸੰਗਠਨ- ‘ਯੂਨਾਈਟਿਡ ਫੋਰਮ ਆਫ਼ ਬੈਂਕਿੰਗ ਯੂਨੀਅਨ’ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਕਿ ਬੈਂਕਾਂ ਦੇ ਲਗਪਗ 10 ਲੱਖ ਕਰਮਚਾਰੀ ਅਤੇ ਅਧਿਕਾਰੀ ਹੜਤਾਲ ਵਿੱਚ ਹਿੱਸਾ ਲੈਣਗੇ। ਭਾਰਤੀ ਸਟੇਟ ਬੈਂਕ ਸਮੇਤ ਕਈ ਸਰਕਾਰੀ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਹੜਤਾਲ ਹੁੰਦੀ ਹੈ ਤਾਂ ਬੈਂਕਾਂ ਦੀਆਂ ਬ੍ਰਾਂਚਾਂ ਤੇ ਦਫ਼ਤਰਾਂ ਵਿੱਚ ਉਨ੍ਹਾਂ ਦਾ ਸਧਾਰਨ ਕੰਮ-ਕਾਜ ਪ੍ਰਭਾਵਿਤ ਹੋ ਸਕਦਾ ਹੈ। ਬੈਂਕਾਂ ਨੇ ਦੱਸਿਆ ਕਿ ਉਹ ਬੈਂਕਾਂ ਦੀਆਂ ਬ੍ਰਾਂਚਾਂ ਤੇ ਦਫ਼ਤਰਾਂ ਦਾ ਕੰਮ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ। ਪਿਛਲੇ ਮਹੀਨੇ ਪੇਸ਼ ਕੇਂਦਰੀ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਗਲੇ ਵਿੱਤੀ ਵਰ੍ਹੇ ਵਿੱਚ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ। -ਪੀਟੀਆਈ