ਸ੍ਰੀਨਗਰ, 2 ਮਈ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਇੱਕ ਦਹਿਸ਼ਤੀ ਹਮਲੇ ਵਿੱਚ ਦੋ ਸੀਆਰਪੀਐੱਫ ਜਵਾਨ ਜ਼ਖਮੀ ਹੋ ਗਏ ਹਨ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਤੇ ਸੀਆਰਪੀਐੱਫ ਜਵਾਨ ਜ਼ਿਲ੍ਹੇ ਦੇ ਅਵਾਂਤੀਪੋਰਾ ਇਲਾਕੇ ਦੇ ਲਾਰਮੂ ’ਚ ਦੋ ਬੰਕਰਨੁਮਾ ਵਾਹਨਾਂ ਦੀ ਤਲਾਸ਼ੀ ਲੈ ਰਹੇ ਸਨ ਕਿ ਇਸ ਦੌਰਾਨ ਧਮਾਕਾ ਹੋ ਗਿਆ ਜਿਸ ਕਾਰਨ ਦੋ ਸੀਆਰਪੀਐੱਫ ਮੁਲਾਜ਼ਮ ਜ਼ਖਮੀ ਹੋ ਗਏ। ਇਸ ਮਗਰੋਂ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ ਕੀਤੀ ਗਈ।
ਇਸ ਦੌਰਾਨ ਸੁਰੱਖਿਆ ਬਲਾਂ ਨੇ ਅੱਜ ਬਾਰਮੁੱਲਾ ਜ਼ਿਲ੍ਹੇ ਵਿੱਚ ਅੰਤਰ-ਜ਼ਿਲ੍ਹਾ ਨਸ਼ੀਲੇ ਪਦਾਰਥਾਂ ’ਤੇ ਅਧਾਰਿਤ ਇੱਕ ਦਹਿਸ਼ਤੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਦਹਿਸ਼ਤਗਰਦਾਂ ਨੂੰ 1.5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਰੁਟੀਨ ਚੈਕਿੰਗ ਦੌਰਾਨ ਪੁਲੀਸ ਤੇ ਫ਼ੌਜੀ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਇੱਕ ਟਰੱਕ ਨੂੰ ਰੋਕਿਆ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ। ਤਲਾਸ਼ੀ ਦੌਰਾਨ ਵਾਹਨ ’ਚੋਂ ਹੈਰੋਇਨ ਵਰਗਾ ਲਗਪਗ 800 ਗ੍ਰਾਮ ਪਾਊਡਰ ਬਰਾਮਦ ਹੋਇਆ। ਦੋਵੇਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਨਿਸਾਰ ਅਹਿਮਦ ਖਾਨ ਤੇ ਮੁਹੰਮਦ ਰਫੀਕ ਖਾਨ ਵਜੋਂ ਹੋਈ ਹੈ। ਪੁੱਛ-ਪੜਤਾਲ ਦੌਰਾਨ ਦੋਵਾਂ ਨੇ ਮੰਨਿਆ ਕਿ ਉਹ ਲਸ਼ਕਰ-ਏ-ਤੋਇਬਾ ਲਈ ਕੰਮ ਕਰ ਰਹੇ ਸਨ ਤੇ ਕੰਟੋਰਲ ਰੇਖਾ ਤੋਂ ਪਾਰ ਉਨ੍ਹਾਂ ਦੇ ਸੰਪਰਕ ’ਚ ਸਨ। -ਪੀਟੀਆਈ