ਅਗਰਤਲਾ, 7 ਫਰਵਰੀ
ਭਾਜਪਾ ਵਿਧਾਇਕ ਸੁਦੀਪ ਰਾਏ ਬਰਮਨ ਅਤੇ ਅਸ਼ੀਸ਼ ਸਾਹਾ ਨੇ ਅੱਜ ਤ੍ਰਿਪੁਰਾ ਵਿਧਾਨ ਸਭਾ ਅਤੇ ਆਪਣੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਰਾਏ ਬਰਮਨ ਅਤੇ ਸਾਹਾ ਵੱਲੋਂ ਅੱਜ ਸਵੇਰੇ ਵਿਧਾਨ ਸਭਾ ਸਪੀਕਰ ਰਤਨ ਚਕਰਬਰਤੀ ਨਾਲ ਮੁਲਾਕਾਤ ਕਰ ਕੇ ਆਪਣੇ ਅਸਤੀਫ਼ੇ ਉਨ੍ਹਾਂ ਨੂੰ ਸੌਂਪੇ ਗਏ।
ਚਕਰਬਰਤੀ ਨੇ ਕਿਹਾ, ‘‘ਰਾਏ ਬਰਮਨ ਅਤੇ ਸਾਹਾ ਨੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਅਸਤੀਫ਼ੇ ਸੌਂਪੇ। ਮੈਂ ਵਿਧਾਨ ਸਭਾ ਸਕੱਤਰ ਨੂੰ ਅਸਤੀਫਿਆਂ ਦੀ ਪੜਤਾਲ ਕਰਨ ਲਈ ਕਿਹਾ ਹੈ। ਮੈਂ ਉਨ੍ਹਾਂ ਦੇ ਅਸਤੀਫੇ ਸਿਰਫ਼ ਤਾਂ ਹੀ ਮਨਜ਼ੂਰ ਕਰਾਂਗਾ ਜੇਕਰ ਉਹ ਵਿਧਾਨ ਸਭਾ ਦੇ ਕੰਮਕਾਜ ਸਬੰਧੀ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਹੋਣਗੇ।’’ ਇਸੇ ਦੌਰਾਨ ਰਾਏ ਬਰਮਨ ਨੇ ਵਿਧਾਨ ਸਭਾ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਤੇ ਸਾਹਾ ਨਵੀਂ ਦਿੱਲੀ ਜਾਣਗੇ ਅਤੇ ਅਗਲੀ ਰੂਪ-ਰੇਖਾ ਉਲੀਕਣਗੇ। ਕਿਹਾ ਜਾ ਰਿਹਾ ਹੈ ਕਿ ਉਹ ਦੋਵੇਂ ਆਗੂ ਮੰਗਲਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਸਾਹਾ ਨੇ ਕਿਹਾ, ‘‘ਅਸੀਂ 12 ਫਰਵਰੀ ਨੂੰ ਤ੍ਰਿਪੁਰਾ ਪਰਤਾਂਗੇ। ਅਸੀਂ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਮਾਣਿਕ ਸਾਹਾ ਨੂੰ ਪੱਤਰ ਭੇਜ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ।’’ ਦੋਹਾਂ ਵਿਧਾਇਕਾਂ ਦੇ ਅਸਤੀਫੇ ਮਗਰੋਂ ਸੂਬੇ ਦੀ 60 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 33 ਰਹਿ ਗਈ ਹੈ। -ਪੀਟੀਆਈ