ਪਣਜੀ, 25 ਅਗਸਤ
ਗੋਆ ਪੁਲੀਸ ਨੇ ਭਾਜਪਾ ਆਗੂ ਤੇ ਹਰਿਆਣਾ ਦੀ ਰਹਿਣ ਵਾਲੀ ਸੋਨਾਲੀ ਫੋਗਾਟ ਦੀ ਹੱਤਿਆ ਦੇ ਸਬੰਧ ਵਿੱਚ ਮ੍ਰਿਤਕਾ ਦੇ ਦੋ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ’ਤੇ ਹੱਤਿਆ ਦਾ ਦੋਸ਼ ਲੱਗਾ ਹੈ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ। ਫੋਗਾਟ ਦੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ ’ਤੇ ਕਈ ਸੱਟਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇਕਰ ਸੋਨਾਲੀ ਫੋਗਾਟ ਦਾ ਪਰਿਵਾਰ ਮੰਗ ਕਰੇਗਾ ਤਾਂ ਮਾਮਲੇ ਦੀ ਸੀਬੀਆਈ ਜਾਂਚ ਬਾਰੇ ਿਵਚਾਰ ਕੀਤਾ ਜਾਵੇਗਾ । ਡੀਐੱਸਪੀ (ਮਾਪੁਸਾ) ਜੀਵਬਾ ਦਲਵੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੋਹਾਂ ਮੁਲਜ਼ਮਾਂ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਵਾਸੀ ਨੂੰ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਜਣੇ ਸੋਨਾਲੀ ਫੋਗਾਟ (42) ਦੇ ਸਹਿਯੋਗੀ ਦੱਸੇ ਜਾਂਦੇ ਹਨ। ਸੋਨਾਲੀ ਨੂੰ 23 ਅਗਸਤ ਨੂੰ ਸਵੇਰੇ ਉੱਤਰ ਗੋਆ ਜ਼ਿਲ੍ਹੇ ਦੇ ਅੰਜੁਨਾ ਸਥਿਤ ਸੇਂਟ ਐਂਥਨੀ ਹਸਪਤਾਲ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ, ‘‘ਅੰਜੁਨਾ ਪੁਲੀਸ ਨੇ ਹੱਤਿਆ ਦੇ ਸਬੰਧ ਵਿੱਚ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਫੋਗਾਟ ਦੇ ਭਰਾ ਰਿੰਕੂ ਢਾਕਾ ਨੇ ਬੁੱਧਵਾਰ ਨੂੰ ਅੰਜੁਨਾ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੋਹਾਂ ਮੁਲਜ਼ਮਾਂ ਦੇ ਨਾਂ ਲਏ ਸਨ। ਫੋਗਾਟ 22 ਅਗਸਤ ਨੂੰ ਜਦੋਂ ਗੋਆ ਪਹੁੰਚੀ ਸੀ ਤਾਂ ਸਾਂਗਵਾਨ ਤੇ ਵਾਸੀ ਉਸ ਦੇ ਨਾਲ ਆਏ ਸਨ। ਸੋਨਾਲੀ ਦੀ ਪੋਸਟਮਾਰਟਮ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਉਸ ਦੇ ਸਰੀਰ ’ਤੇ ‘ਕਿਸੇ ਚੀਜ਼ ਨਾਲ ਕਈ ਵਾਰ ਹਮਲਾ’ ਕੀਤਾ ਗਿਆ। ਮੈਡੀਕਲ ਕਾਲਜ ਤੇ ਹਸਪਤਾਲ ਦੇ ਫੋਰੈਂਸਿਕ ਮਾਹਿਰਾਂ ਦੇ ਇਕ ਸਮੂਹ ਨੇ ਅੱਜ ਸਵੇਰੇ ਫੋਗਾਟ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਜੀਐੱਮਸੀਐੱਚ ਦੇ ਫੋਰੈਂਸਿਕ ਸਾਇੰਸ ਵਿਭਾਗ ਦੇ ਡਾ. ਸੁਨੀਲ ਸ੍ਰੀਕਾਂਤ ਚਿੰਬੋਲਕਰ ਨੇ ਆਪਣੀ ਰਿਪੋਰਟ ਵਿੱਚ ਮੌਤ ਦੇ ਕਾਰਨਾਂ ’ਤੇ ਰਾਇ ਸੁਰੱਖਿਅਤ ਰੱਖੀ ਹੈ। ਰਿਪੋਟਰ ਵਿੱਚ ਕਿਹਾ ਗਿਆ ਹੈ, ‘‘ਰਸਾਇਣਕ ਵਿਸ਼ਲੇਸ਼ਣ ਤੱਕ ਮੌਤ ਦੇ ਕਾਰਨਾਂ ’ਤੇ ਰਾਇ ਸੁਰੱਖਿਅਤ ਰੱਖੀ ਗਈ ਹੈ। ਟਿਸ਼ੂਜ਼ ਦੀ ਹਿਸਟੋਪੈਥੋਲੋਜੀ ਤੇ ਸੀਰੋਲੌਜੀਕਲ ਰਿਪੋਰਟ ਸੁਰੱਖਿਅਤ ਰੱਖੀ ਗਈ ਹੈ।’’ ਰਿਪੋਰਟ ਵਿੱਚ ਕਿਹਾ ਗਿਆ, ‘‘ਹਾਲਾਂਕਿ, ਲਾਸ਼ ’ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ। ਉਪਰੋਕ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜਾਂਚ ਅਧਿਕਾਰੀ ਨੇ ਪਤਾ ਲਗਾਉਣਾ ਹੈ ਕਿ ਮੌਤ ਕਿਸ ਤਰ੍ਹਾਂ ਹੋਈ।’’ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪਣਜੀ ’ਚ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਦੇ ਡੀਜੀਪੀ ਜਸਪਾਲ ਸਿੰਘ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। -ਪੀਟੀਆਈ