ਨੋਇਡਾ, 12 ਮਈ
ਗ੍ਰੇਟਰ ਨੋਇਡਾ ਵਿਚ ਦੋ ਵਿਅਕਤੀਆਂ ਨੂੰ ਬਲੱਡ ਪਲਾਜ਼ਮਾ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪ੍ਰਤੀ ਯੂਨਿਟ 60 ਹਜ਼ਾਰ ਰੁਪਏ ਵਿਚ ਪਲਾਜ਼ਮਾ ਵੇਚ ਰਹੇ ਸਨ। ਦੋਵਾਂ ਨੇ ਆਪਣੇ ਨੰਬਰ ਫੇਸਬੁੱਕ ਉਤੇ ਦਿੱਤੇ ਹੋਏ ਸਨ ਜਿਸ ਰਾਹੀਂ ਉਹ ਲੋਕਾਂ ਦੇ ਸੰਪਰਕ ਵਿਚ ਆਉਂਦੇ ਸਨ। ਉਹ ਇਕ ਯੂਨਿਟ ਲਈ 50-60 ਹਜ਼ਾਰ ਰੁਪਏ ਤੱਕ ਲੈ ਰਹੇ ਸਨ। ਵਧੀਕ ਡੀਸੀਪੀ ਵਿਸ਼ਾਲ ਪਾਂਡੇ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅਨਿਲ ਸ਼ਰਮਾ ਕੁਝ ਸਮਾਂ ਪਹਿਲਾਂ ਹਸਪਤਾਲ ਵਿਚ ਕੰਮ ਕਰਦੇ ਰੋਹਿਤ ਰਾਠੀ ਨੂੰ ਮਿਲਿਆ ਸੀ ਜਿਸ ਨੂੰ ਪਲਾਜ਼ਮਾ ਦੀ ਲੋੜ ਸੀ। ਇਸ ਤੋਂ ਬਾਅਦ ਦੋਵਾਂ ਨੇ ਪਲਾਜ਼ਮਾ ਡੋਨਰ ਲੱਭਣੇ ਸ਼ੁਰੂ ਕਰ ਦਿੱਤੇ ਤੇ ਇਸ ਨੂੰ ਉੱਚੀ ਕੀਮਤ ਉਤੇ ਵੇਚਣ ਲੱਗੇ। ਇਸ ਕੇਸ ਵਿਚ ਛੇ ਹੋਰਾਂ ਦੀ ਸ਼ਨਾਖਤ ਵੀ ਕੀਤੀ ਗਈ ਹੈ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ 35 ਹਜ਼ਾਰ ਰੁਪਏ ਨਗਦ ਵੀ ਮਿਲੇ ਹਨ। -ਪੀਟੀਆਈ